ਟੈਂਟ ਦਾ ਬਕਾਇਆ ਲੈਣ ਲਈ ਕਾਂਗਰਸੀ ਲੀਡਰਾਂ ਕੋਲ ਧੱਕੇ ਖਾਣ ਲਈ ਮਜਬੂਰ ਹੋਇਆ ਸਾਥੀ ਕਾਂਗਰਸੀ ਟੈਂਟ ਮਾਲਕ
ਆਸ਼ੀਸ਼ ਸ਼ਰਮਾ (ਬਰਨਾਲਾ, 12 ਜੁਲਾਈ): ਪਿਛਲੀਆਂ ਲੰਘੀਆਂ ਲੋਕ ਸਭਾ ਸੰਗਰੂਰ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਜਿਸ ਨੂੰ ਲੈ ਕੇ ਜ਼ਿਲ੍ਹਾ ਬਰਨਾਲਾ ਦੇ ਤਪਾ ਮੰਡੀ ਵਿਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਸੀ। ਉਸੇ ਚੋਣ ਦਫ਼ਤਰ ਵਿੱਚ ਤਪਾ ਮੰਡੀ ਦੇ ਕਾਂਗਰਸੀ ਆਗੂ ਦੀਪਕ ਕੁਮਾਰ ਵੱਲੋਂ ਚੋਣ ਦਫ਼ਤਰ ਵਿੱਚ ਟੈਂਟ ਦਾ ਸਾਰਾ ਪ੍ਰਬੰਧ ਆਪਣੇ ਕੋਲੋ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਬੱਸ ਸਰਵਿਸ ਸ਼ੁਰੂ ਹੋਣ ਦੇ 25 ਦਿਨਾਂ ਦੇ ਅੰਦਰ ਕਰੀਬ 17,500 ਸਵਾਰੀਆਂ ਨੇ ਦਿੱਲੀ ਹਵਾਈ ਅੱਡੇ ਤੱਕ ਕੀਤਾ ਸਫ਼ਰ: ਭੁੱਲਰ
ਕਾਂਗਰਸੀ ਆਗੂ ਦੀਪਕ ਕੁਮਾਰ ਨੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਦਲਵੀਰ ਸਿੰਘ ਗੋਲਡੀ ਦੇ ਹੱਕ ਵਿੱਚ ਜਿੱਥੇ ਚੋਣ ਪ੍ਰਚਾਰ ਕੀਤਾ ਉੱਥੇ ਕੁਮਾਰ ਨੇ ਆਪਣੀ ਟੈਂਟ ਦੀ ਦੁਕਾਨ ਵਿਚੋਂ ਸੀਨੀਅਰ ਕਾਂਗਰਸੀ ਲੀਡਰਾਂ ਦੇ ਕਹਿਣ ਤੇ ਟੈਂਟ ਦਾ ਸਾਰਾ ਪ੍ਰਬੰਧ ਕੀਤਾ ਸੀ। ਜਿਸ ਦਾ 10-06-22 ਤੋਂ ਲੈ ਕੇ 23-06-22 ਤੱਕ ਦਾ ਕੁੱਲ ਬਿੱਲ 47,400 ਬੰਦਾ ਹੈ। ਕੁਮਾਰ ਨੇ ਦੋਸ਼ ਲਾਇਆ ਕਿ ਹੁਣ ਉਸ ਨੂੰ ਆਪਣੇ ਟੈਂਟ ਦੇ ਬਿੱਲ ਲੈਣ ਲਈ ਸੀਨੀਅਰ ਕਾਂਗਰਸੀ ਲੀਡਰਾਂ ਦੇ ਘਰਾਂ ਅੱਗੇ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਟੈਂਟ ਦੇ ਬਿੱਲ ਦੀ ਬਕਾਇਆ ਰਾਸ਼ੀ ਲਈ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ, ਕਾਂਗਰਸ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਸੰਦੀਪ ਸੰਧੂ ਇਸ ਤੋਂ ਇਲਾਵਾ ਪੰਜਾਬ ਦੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਕੋਈ ਵੀ ਲੀਡਰ ਉਨ੍ਹਾਂ ਦਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝ ਰਿਹਾ।
ਪੀੜਤ ਕਾਂਗਰਸੀ ਆਗੂ ਦੀਪਕ ਕੁਮਾਰ ਗਗ ਨੇ ਕਿਹਾ ਕਿ ਉਹਦੇ ਟੈਂਟ ਵਿਚ ਹਿੱਸੇਦਾਰੀ ਹੈ, ਜਿਸ ਕਾਰਨ ਚੋਣਾਂ ਦੌਰਾਨ ਕਾਂਗਰਸੀ ਦਫ਼ਤਰ ਵਿੱਚ ਲੱਗੇ ਟੈਂਟ ਦਾ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਹੈ। ਇਸ ਲਈ ਉਸ ਨੇ ਮੀਡੀਆ ਰਾਹੀਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਮੰਗ ਕਰਦੇ ਕਿਹਾ ਕਿ ਉਸ ਦਾ ਬਕਾਇਆ ਬਿੱਲ ਜਲਦ ਦਿਵਾਇਆ ਜਾਵੇ।
ਪੀੜਤ ਦੀਪਕ ਕੁਮਾਰ ਨੇ ਕਿਹਾ ਕਿ ਉਮੀਦਵਾਰ ਦਲਵੀਰ ਸਿੰਘ ਗੋਲਡੀ ਲਈ ਘਰ ਘਰ ਜਾ ਕੇ ਉਨ੍ਹਾਂ ਨੇ ਵੋਟਾਂ ਮੰਗੀਆਂ ਸਨ ਪਰ ਉਸ ਨੂੰ ਆਹ ਇਨਾਮ ਮਿਲਿਆ ਹੈ, ਜਿਸ ਨਾਲ ਉਸ ਦੀ ਦੁਕਾਨਦਾਰੀ ਖਰਾਬ ਹੋ ਰਹੀ ਹੈ। ਇਸ ਮਾਮਲੇ ਸਬੰਧੀ ਸੀਨੀਅਰ ਕਾਂਗਰਸੀ ਆਗੂਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਜਬਰ-ਜਨਾਹ ਮਾਮਲਾ : ਸਿਮਰਜੀਤ ਬੈਂਸ ਦੇ ਸਲਾਖਾਂ ਪਿੱਛੇ ਜਾਣ ਮਗਰੋਂ ਪੀੜਤਾ ਨੇ ਚੁੱਕਿਆ ਧਰਨਾ
ਇਸ ਮਾਮਲੇ ਬਾਰੇ ਜਦ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੋਲ ਸੀ, ਇਸ ਬਾਰੇ ਮੈਨੂੰ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਜੇਕਰ ਫੇਰ ਵੀ ਕਿਸੇ ਦਾ ਕੋਈ ਬਕਾਇਆ ਰਹਿੰਦਾ ਹੋਵੇਗਾ ਉਹ ਦੇ ਦਿੱਤਾ ਜਾਵੇਗਾ।
ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਹਾਲਤ ਇਹ ਹੋ ਗਏ ਹਨ ਕਿ ਪਾਰਟੀ ਦੇ ਆਗੂ ਹੀ ਆਪਣੀ ਮਿਹਨਤ ਦੇ ਪੈਸੇ ਲੈਣ ਲਈ ਕਾਂਗਰਸੀ ਲੀਡਰਾਂ ਅੱਗੇ ਧੱਕੇ ਖਾਣ ਲਈ ਮਜਬੂਰ ਹੋ ਰਹੇ ਹਨ।
-PTC News