ਰਾਜਸਥਾਨ 'ਚ ਅੱਜ ਕਾਂਗਰਸ ਵਿਧਾਇਕ ਦਲ ਦੀ ਬੈਠਕ, ਸੂਬੇ ਨੂੰ ਅੱਜ ਮਿਲ ਸਕਦਾ ਹੈ ਨਵਾਂ ਮੁੱਖ ਮੰਤਰੀ
ਜੈਪੁਰ: ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਰਿਹਾਇਸ਼ 'ਤੇ ਐਤਵਾਰ ਸ਼ਾਮ 7 ਵਜੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਹੈ। ਸੂਤਰਾਂ ਮੁਤਾਬਕ ਗਹਿਲੋਤ ਇਸ ਬੈਠਕ 'ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਥਾਂ ਨਵੇਂ ਸੀਐਮ ਨੂੰ ਲੈ ਕੇ ਇਸ ਮੀਟਿੰਗ ਵਿੱਚ ਚਰਚਾ ਹੋ ਸਕਦੀ ਹੈ।
ਆਲ ਇੰਡੀਆ ਕਾਂਗਰਸ ਕਮੇਟੀ (ਐਸਆਈਸੀਸੀ) ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਜਸਥਾਨ ਵਿੱਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਲਈ ਜਨਰਲ ਸਕੱਤਰ ਅਜੈ ਮਾਕਨ ਦੇ ਨਾਲ ਮਲਿਕਾਅਰਜੁਨ ਖੜਗੇ ਨੂੰ ਅਬਜ਼ਰਵਰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਚੰਡੀਗੜ੍ਹ PGI ਤੋਂ ਮਿਲੀ ਛੁੱਟੀ
ਪਾਰਟੀ ਆਗੂ ਰਾਹੁਲ ਗਾਂਧੀ ਮੁਤਾਬਕ ਪ੍ਰਧਾਨ ਦੀ ਚੋਣ ਲਈ ‘ਇੱਕ ਵਿਅਕਤੀ-ਇੱਕ ਅਹੁਦਾ’ ਦਾ ਸਿਧਾਂਤ ਲਾਗੂ ਹੋਵੇਗਾ। ਨਵਾਂ ਮੁੱਖ ਮੰਤਰੀ ਕੌਣ ਹੋਵੇਗਾ ਇਸ ਬਾਰੇ ਪਾਰਟੀ ਆਗੂਆਂ ਨੇ ਚੁੱਪ ਧਾਰੀ ਹੋਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੌਜਵਾਨ ਚਿਹਰੇ ਸਚਿਨ ਪਾਇਲਟ 'ਤੇ ਦਾਅ ਲਗਾ ਸਕਦੀ ਹੈ।
ਗਹਿਲੋਤ ਖੁਦ ਪਾਇਲਟ ਦੀ ਬਜਾਏ ਕਿਸੇ ਵਿਸ਼ਵਾਸਪਾਤਰ ਨੂੰ ਅਹੁਦਾ ਸੌਂਪਣ ਦੇ ਪੱਖ 'ਚ ਮੰਨਿਆ ਜਾ ਰਿਹਾ ਹੈ। ਗਹਿਲੋਤ ਦੇ ਸਮਰਥਕਾਂ ਕੋਲ ਅਜੇ ਵੀ ਵੱਡੀ ਗਿਣਤੀ 'ਚ ਵਿਧਾਇਕ ਹਨ। ਅਜਿਹੇ ਵਿੱਚ ਪਾਇਲਟ ਨੂੰ ਤਾਂ ਹੀ ਕਮਾਂਡ ਮਿਲ ਸਕਦੀ ਹੈ ਜੇਕਰ ਹਾਈਕਮਾਂਡ ਉਸ ਦੇ ਹੱਕ ਵਿੱਚ ਹੋਵੇ।
ਰਾਜਸਥਾਨ ਦੇ ਇੰਚਾਰਜ ਅਜੇ ਮਾਕਨ ਨੇ ਜੈਪੁਰ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਣ ਵਾਲੀ ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਸ਼ਨੀਵਾਰ ਨੂੰ ਦਿੱਲੀ 'ਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਰਾਜਸਥਾਨ ਦੇ ਮੌਜੂਦਾ ਹਾਲਾਤ ਅਤੇ ਨਵੇਂ ਮੁੱਖ ਮੰਤਰੀ ਦੇ ਨਾਂ 'ਤੇ ਚਰਚਾ ਹੋਈ। ਇਸੇ ਮੀਟਿੰਗ ਵਿੱਚ ਹਾਈਕਮਾਂਡ ਨੇ ਮਾਕਨ ਦੇ ਨਾਲ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੂੰ ਵੀ ਰਾਜਸਥਾਨ ਭੇਜਣ ਦਾ ਫੈਸਲਾ ਕੀਤਾ ਹੈ।
-PTC News