CM ਦੀ ਰਿਹਾਇਸ਼ ਅੱਗੇ ਕਾਂਗਰਸੀ ਆਗੂਆਂ ਵੱਲੋਂ ਧਰਨਾ: ਭਗਵੰਤ ਮਾਨ ਦੇ ਨਾ ਮਿਲਣ ਕਾਰਨ ਭੜਕੇ
ਚੰਡੀਗੜ੍ਹ: ਭ੍ਰਿਸ਼ਟਾਚਾਰ ਦੇ ਮਾਮਲੇ 'ਚ ਘਿਰੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਦੇ ਹੱਕ ਵਿੱਚ ਪੰਜਾਬ ਕਾਂਗਰਸ ਨਿੱਤਰ ਆਈ ਹੈ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਦੇ ਅੰਦਰ ਧਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ ਸੀ ਜਿਸ ਤੋਂ ਬਾਅਦ ਉਹ ਸਵੇਰੇ ਚੰਡੀਗੜ੍ਹ ਪਹੁੰਚੇ ਹਨ। ਉਨ੍ਹਾਂ ਨੂੰ ਪਹਿਲੇ ਅੱਧੇ ਘੰਟੇ ਤੱਕ ਬਾਹਰ ਖੜ੍ਹਾ ਰੱਖਿਆ ਗਿਆ। ਫਿਰ ਅੰਦਰ ਬੁਲਾ ਕੇ ਸਾਰਿਆਂ ਦੀ ਤਲਾਸ਼ੀ ਲਈ ਗਈ। ਮੋਬਾਈਲ ਕੱਢ ਲਏ ਸਨ। ਮਾਨ ਨੇ ਅੰਦਰ ਆ ਕੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਅਤੇ ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਦਾ ਕਾਂਗਰਸ ਵਿਰੋਧ ਕਰ ਰਹੀ ਹੈ। ਇਹ ਵੀ ਪੜ੍ਹੋ: ਅੰਮ੍ਰਿਤਸਰ: BSF ਨੂੰ ਮਿਲੀ ਵੱਡੀ ਕਾਮਯਾਬੀ, 470 ਗ੍ਰਾਮ ਹੈਰੋਇਨ ਕੀਤੀ ਬਰਾਮਦ ਪੰਜਾਬ ਵਿਜੀਲੈਂਸ ਬਿਊਰੋ ਨੇ ਦਾਅਵਾ ਕੀਤਾ ਕਿ ਸਾਧੂ ਸਿੰਘ ਧਰਮਸੋਤ ਨੇ ਮੰਤਰੀ ਹੁੰਦਿਆਂ ਦਰੱਖਤਾਂ ਦੀ ਕਟਾਈ ਲਈ ਕਮਿਸ਼ਨ ਖਾਧਾ। ਉਹ ਇੱਕ ਦਰੱਖਤ ਲਈ 500 ਰੁਪਏ ਕਮਿਸ਼ਨ ਲੈਂਦਾ ਸੀ। ਕਾਨੂੰਨੀ ਪਰਮਿਟ 'ਤੇ ਕੱਟੇ ਗਏ ਇਹ ਦਰੱਖਤ ਧਰਮਸੋਤ ਦੇ ਬੰਦਿਆਂ ਨਾਲ ਨਜਿੱਠਦੇ ਸਨ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਧਰਮਸੋਤ ਵੱਲੋਂ ਕਰੀਬ 1.25 ਕਰੋੜ ਦੀ ਰਿਸ਼ਵਤਖੋਰੀ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਗਿਆ ਸੀ। ਧਰਮਸੋਤ ਫਿਲਹਾਲ ਵਿਜੀਲੈਂਸ ਬਿਊਰੋ ਦੇ ਰਿਮਾਂਡ 'ਤੇ ਹੈ। ਹਾਲਾਂਕਿ ਧਰਮਸੋਤ ਨੇ ਇਨ੍ਹਾਂ ਇਲਜਾਮਾਂ ਨੂੰ ਝੂਠਾ ਕਰਾਰ ਦਿੱਤਾ ਹੈ। ਵਿਜੀਲੈਂਸ ਬਿਊਰੋ ਨੇ ਦਾਅਵਾ ਕੀਤਾ ਹੈ ਕਿ ਜੰਗਲਾਤ ਮੰਤਰੀ ਰਹੇ ਸੰਗਤ ਸਿੰਘ ਗਿਲਜੀਆਂ ਨੇ ਟ੍ਰੀ ਗਾਰਡ ਵਿੱਚ 6 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਸੀ, ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ 4 ਮਹੀਨੇ ਬਾਅਦ ਹੀ ਗਿਲਜੀਆਂ ਜੰਗਲਾਤ ਮੰਤਰੀ ਬਣੇ ਸਨ। -PTC News