ਕਾਂਗਰਸ ਹਾਈਕਮਾਂਡ ਨੇ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਦਿਖਾਇਆ ਬਾਹਰ ਦਾ ਰਸਤਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣ 2022 ਲਈ ਵੋਟਾਂ ਭਲਕੇ ਯਾਨੀ ਐਤਵਾਰ ਨੂੰ ਪੈਣਗੀਆਂ। ਦੱਸ ਦਈਏ ਕਿ ਪਹਿਲਾਂ ਸੂਬੇ 'ਚ ਵੋਟਾਂ 14 ਫਰਵਰੀ ਨੂੰ ਪੈਣੀਆਂ ਸੀ ਪਰ ਰਵੀਦਾਸ ਜਯੰਤੀ ਕਰਕੇ ਵੋਟਾਂ ਦੀ ਤਾਰੀਖ ਬਦਲ ਕੇ 20 ਫਰਵਰੀ ਤੈਅ ਕੀਤੀ ਗਈ। ਇਸ ਦੇ ਨਾਲ ਹੀ 18 ਫਰਵਰੀ ਨੂੰ ਚੋਣ ਪ੍ਰਚਾਰ 'ਤੇ ਵੀ ਬ੍ਰੇਕ ਲੱਗ ਗਈ ਹੈ। ਇਸ ਵਿਚਾਲੇ ਹੁਣ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਜਦੋ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਫ਼ਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਦੋਸ਼ ਵਿਚ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਹੈ। ਦੱਸਣਯੋਗ ਹੈ ਕਿ ਦਿਹਾਤੀ ਹਲਕੇ ਤੋਂ ਸਤਿਕਾਰ ਕੌਰ ਦੀ ਥਾਂ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ ਵਿਚ ਸ਼ਾਮਲ ਹੋਏ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਿਸ ਦਾ ਸਤਿਕਾਰ ਕੌਰ ਗਹਿਰੀ ਵਲੋਂ ਭਾਰੀ ਵਿਰੋਧ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਕੇਵਲ ਢਿੱਲੋਂ ਅਤੇ ਤਰਸੇਮ ਸਿੰਘ ਡੀਸੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। -PTC News