ਨਾਜਾਇਜ਼ ਮਾਈਨਿੰਗ 'ਚ ਲਿਪਤ ਕਾਂਗਰਸੀ ਕੌਂਸਲਰ ਗ੍ਰਿਫ਼ਤਾਰ
ਪਠਾਨਕੋਟ : ਪੰਜਾਬ ਸਰਕਾਰ ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਾਫੀ ਸਖ਼ਤੀ ਵਰਤੀ ਹੋਈ ਹੈ ਤੇ ਮਾਈਨਿੰਗ ਮਾਫੀਆ ਉਤੇ ਸ਼ਿਕੰਜਾ ਕੱਸ ਰਹੀ ਹੈ। ਇਸ ਤਹਿਤ ਪਠਾਨਕੋਟ ਨਾਜਾਇਜ਼ ਮਾਈਨਿੰਗ ਮਾਮਲੇ 'ਚ ਭਗੌੜੇ ਕਾਂਗਰਸੀ ਕੌਂਸਲਰ ਅਮਿਤ ਕੁਮਾਰ ਨੂੰ ਬਮਿਆਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸੋਮਵਾਰ ਰਾਤ ਅਮਿਤ ਕੁਮਾਰ ਨੂੰ ਮਾਮੂਨ ਤੋਂ ਗ੍ਰਿਫਤਾਰ ਕਰ ਵਿੱਚ ਕਾਮਯਾਬੀ ਹਾਸਲ ਕੀਤੀ। ਅਮਿਤ ਕੁਮਾਰ ਪਠਾਨਕੋਟ ਨਗਰ ਨਿਗਮ ਅਧੀਨ ਪੈਂਦੇ ਵਾਰਡ ਮਾਮੂਨ ਤੋਂ ਕੌਂਸਲਰ ਹਨ। ਮੁਲਜ਼ਮ ਅਮਿਤ ਕੁਮਾਰ ਕਾਫੀ ਸਮੇਂ ਤੋਂ ਭਗੌੜੇ ਸਨ। ਉਹ ਸੁਜਾਨਪੁਰ ਤੋਂ ਕਾਂਗਰਸੀ ਵਿਧਾਇਕ ਨਰੇਸ਼ ਪੁਰੀ ਦੇ ਨਜ਼ਦੀਕੀਆਂ 'ਚੋਂ ਇਕ ਹਨ। ਕਾਬਿਲੇਗੌਰ ਹੈ ਕਿ ਕਰੀਬ 4 ਮਹੀਨੇ ਪਹਿਲਾਂ ਮੁਲਜ਼ਮ ਅਮਿਤ ਕੁਮਾਰ ਖ਼ਿਲਾਫ਼ ਸੁਜਾਨਪੁਰ ਵਿੱਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਹੋਇਆ ਸੀ। ਅਮਿਤ ਸ਼ਰਮਾ ਉਪਰ ਨਜਾਇਜ਼ ਮਾਈਨਿੰਗ ਦੇ ਕਈ ਮਾਮਲੇ ਦਰਜ ਹਨ। ਲੰਬੇ ਸਮੇਂ ਤੋਂ ਪੁਲਿਸ ਅਮਿਤ ਸ਼ਰਮਾ ਦੀ ਤਲਾਸ਼ ਵਿੱਚ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਵਿਧਾਇਕ ਨਰੇਸ਼ ਪੁਰੀ ਨੇ ਪਾਰਟੀ ਸਮਰਥਕਾਂ ਨਾਲ ਥਾਣਾ ਸੁਜਾਨਪੁਰ ਦੇ ਬਾਹਰ ਧਰਨਾ ਵੀ ਦਿੱਤਾ ਸੀ। ਕਾਬਿਲੇਗੌਰ ਹੈ ਕਿ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਜੂਨ ਮਹੀਨੇ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਦੇਵੀ, ਉਨ੍ਹਾਂ ਦੇ ਭਾਈਵਾਲ ਲਕਸ਼ੈ ਮਹਾਜਨ ਤੇ ਦੋ ਮੁਲਾਜ਼ਮ ਵੀ ਪੁਲਿਸ ਵੱਲੋਂ ਮੁਲਜ਼ਮ ਬਣਾਏ ਗਏ ਸਨ। ਪੁਲਿਸ ਵੱਲੋਂ ਜੋਗਿੰਦਰ ਪਾਲ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਜਾਇਜ਼ ਮਾਈਨਿੰਗ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਸੀ ਕਿ ਉਨ੍ਹਾਂ ਖ਼ਿਲਾਫ਼ ਸਿਆਸੀ ਸਾਜ਼ਿਸ਼ ਕੀਤੀ ਗਈ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਜ਼ਿਲ੍ਹੇ ’ਚ 250 ਤੋਂ ਜ਼ਿਆਦਾ ਕਰੱਸ਼ਰ ਲੱਗੇ ਹਨ। ਕੀੜੀ ਖੁਰਦ ਵਿੱਚ ਜਿੰਨੇ ਵੀ ਕਰੱਸ਼ਰ ਲੱਗੇ ਹਨ, ਉਹ ਸਭ ਸ਼ਾਮਲਾਟ ਜ਼ਮੀਨ ਉਤੇ ਹੀ ਹਨ। ਹੋਰਨਾਂ ਉਪਰ ਕਾਰਵਾਈ ਨਾ ਕੀਤਾ ਜਾਣਾ ਸਾਬਿਤ ਕਰਦਾ ਹੈ ਕਿ ਸਰਕਾਰ ਸਿਆਸੀ ਤੌਰ ’ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਸਰਹੱਦੀ ਇਲਾਕੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਵੀ ਬੀਤੇ ਦਿਨੀਂ ਜਵਾਬ ਤਲਬ ਕੀਤਾ ਸੀ। -PTC News ਇਹ ਵੀ ਪੜ੍ਹੋ : ਮਾਨ ਸਰਕਾਰ ਲੰਪੀ ਸਕਿਨ ਕਾਰਨ ਮਰੇ ਪਸ਼ੂਆਂ ਦੀ ਭਰਪਾਈ ਲਈ ਦੇਵੇ ਮੁਆਵਜ਼ਾ : ਹਰਸਿਮਰਤ ਕੌਰ ਬਾਦਲ