ਕਾਂਗਰਸ ਨੇ ਸਮ੍ਰਿਤੀ ਇਰਾਨੀ ਦੀ ਧੀ 'ਤੇ ਗ਼ੈਰਕਾਨੂੰਨੀ ਬਾਰ ਚਲਾਉਣ ਦੇ ਲਏ ਦੋਸ਼, ਮੰਤਰੀ ਨੇ ਦੋਸ਼ ਨਕਾਰੇ
ਨਵੀਂ ਦਿੱਲੀ : ਕਾਂਗਰਸ ਨੇ ਦੋਸ਼ ਲਗਾਇਆ ਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਬੇਟੀ ਗੋਆ 'ਚ 'ਗੈਰ-ਕਾਨੂੰਨੀ ਬਾਰ' ਚਲਾ ਰਹੀ ਹੈ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਹੈ। ਇਸ ਨੂੰ ਲੈ ਕੇ ਭਾਜਪਾ ਨੇਤਾ ਤੇ ਕਾਂਗਰਸ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸਮ੍ਰਿਤੀ ਇਰਾਨੀ ਦੀ ਧੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਦੀ ਬੇਟੀ ਦੇ ਵਕੀਲ ਕੀਰਤ ਨਾਗਰਾ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁਅੱਕਲ ਨਾ ਤਾਂ ‘ਸਿਲੀ ਸੋਲਸ’ ਨਾਂ ਦੇ ਰੈਸਟੋਰੈਂਟ ਦਾ ਮਾਲਕ ਹੈ ਤੇ ਨਾ ਹੀ ਇਹ ਚਲਾਉਂਦੀ ਹੈ। ਨਾਲ ਹੀ ਉਨ੍ਹਾਂ ਨੂੰ ਕਿਸੇ ਵੀ ਅਥਾਰਟੀ ਵੱਲੋਂ ਕੋਈ ਕਾਰਨ ਦੱਸੋ ਨੋਟਿਸ ਨਹੀਂ ਮਿਲਿਆ ਹੈ। ਇਸ ਵਿਚਕਾਰ ਸਮ੍ਰਿਤੀ ਇਰਾਨੀ ਨੇ ਵੀ ਧੀ ਉਤੇ ਲੱਗੇ ਸਾਰੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕੋਲੋਂ ਅਦਾਲਤ ਵਿੱਚ ਜਵਾਬ ਮੰਗਾਂਗੀ। ਦਰਅਸਲ ਕੇਂਦਰੀ ਮੰਤਰੀ ਦੀ ਧੀ ਦੇ ਵਕੀਲ ਕੀਰਤ ਨਾਗਰਾ ਨੇ ਕਿਹਾ ਕਿ ਉਸ ਦੇ ਮੁਅੱਕਲ ਖਿਲਾਫ਼ ਕਈ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਅਪਮਾਨਜਨਕ ਪੋਸਟਾਂ ਪਾਈਆਂ ਜਾ ਰਹੀਆਂ ਹਨ, ਜੋ ਉਨ੍ਹਾਂ ਦੇ ਮੁਅੱਕਲ ਦੀ ਮਾਂ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਸਿਆਸੀ ਹਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿੱਥੇ ਵਕੀਲ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ, ‘ਇਹ ਮੰਦਭਾਗਾ ਹੈ ਕਿ ਉਹ ਸਿਰਫ਼ ਇਸ ਲਈ ਝੂਠਾ ਪ੍ਰਚਾਰ ਕਰ ਰਹੇ ਹਨ ਤਾਂ ਜੋ ਸਬੂਤਾਂ ਦੀ ਜਾਂਚ ਕੀਤੇ ਬਿਨਾਂ ਹੀ ਇਸ ਕੇਸ ਨੂੰ ਸਨਸਨੀਖੇਜ਼ ਢੰਗ ਨਾਲ ਪੇਸ਼ ਕੀਤਾ ਜਾ ਸਕੇ। ਨਾਲ ਹੀ ਉਹ ਉਸ ਦੇ ਮੁਅੱਕਲ ਨੂੰ ਸਿਰਫ ਇਸ ਲਈ ਬਦਨਾਮ ਕਰਨ ਉਤੇ ਤੁਲੇ ਹੋਏ ਹਨ ਕਿਉਂਕਿ ਉਹ ਕੇਂਦਰੀ ਮੰਤਰੀ ਦੀ ਬੇਟੀ ਹੈ। ਕਾਂਗਰਸ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਪਰਿਵਾਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਕਾਂਗਰਸ ਨੇ ਇਕ ਪੇਪਰ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਆਬਕਾਰੀ ਵਿਭਾਗ ਵੱਲੋਂ ਸਮ੍ਰਿਤੀ ਇਰਾਨੀ ਦੀ ਬੇਟੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਅਜਿਹੇ 'ਚ ਨੋਟਿਸ ਦੇਣ ਵਾਲੇ ਅਧਿਕਾਰੀ ਦਾ ਕਥਿਤ ਤੌਰ 'ਤੇ ਤਬਾਦਲਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸ ਦੇ ਮੀਡੀਆ ਤੇ ਪਬਲੀਸਿਟੀ ਹੈੱਡ ਪਵਨ ਖੇੜਾ ਨੇ ਮੀਡੀਆ ਨੇ 'ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਪਰਿਵਾਰ ਉਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਜਿੱਥੇ ਗੋਆ 'ਚ ਉਸ ਦੀ ਧੀ ਦੁਆਰਾ ਚਲਾਏ ਜਾ ਰਹੇ ਇੱਕ ਰੈਸਟੋਰੈਂਟ 'ਤੇ ਸ਼ਰਾਬ ਪਰੋਸਣ ਦਾ ਫਰਜ਼ੀ ਲਾਇਸੈਂਸ ਜਾਰੀ ਕਰਨ ਦਾ ਦੋਸ਼ ਲੱਗਾ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸੀ ਬਦਲਾ ਲੈਣ ਲਈ ਸੂਤਰਾਂ ਦੇ ਹਵਾਲੇ ਨਾਲ ਜਾਂ ਏਜੰਸੀਆਂ ਵੱਲੋਂ ਲਾਏ ਗਏ ਦੋਸ਼ ਨਹੀਂ ਹਨ। ਸਗੋਂ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਤਹਿਤ ਪ੍ਰਾਪਤ ਜਾਣਕਾਰੀ ਦਾ ਖ਼ੁਲਾਸਾ ਕੀਤਾ ਹੈ। ਦੌਰਾਨ ਪਵਨ ਖੇੜਾ ਨੇ ਦਾਅਵਾ ਕੀਤਾ ਕਿ ‘ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਨੇ ਆਪਣੇ ਸਿਲੀ ਸੋਲਸ ਕੈਫੇ ਐਂਡ ਬਾਰ ਲਈ ਜਾਅਲੀ ਦਸਤਾਵੇਜ਼ ਦੇ ਕੇ ‘ਬਾਰ ਲਾਇਸੈਂਸ’ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 22 ਜੂਨ 2022 ਨੂੰ ਲਾਇਸੈਂਸ ਦੇ ਨਵੀਨੀਕਰਨ ਲਈ ਅਪਲਾਈ ਕਰਨ ਵਾਲੇ ‘ਐਂਥਨੀ ਡੀਗਾਮਾ’ ਦਾ ਨਾਂ ਸਾਹਮਣੇ ਆਇਆ ਸੀ, ਜਦਕਿ ਪਿਛਲੇ ਸਾਲ ਮਈ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ। ਅਜਿਹੇ 'ਚ ਐਂਥਨੀ ਦੇ ਆਧਾਰ ਕਾਰਡ ਤੋਂ ਪਤਾ ਲੱਗਾ ਹੈ ਕਿ ਉਹ ਮੁੰਬਈ ਦੇ ਵਿਲੇ ਪਾਰਲੇ ਦਾ ਰਹਿਣ ਵਾਲਾ ਸੀ। ਆਰਟੀਆਈ ਤਹਿਤ ਜਾਣਕਾਰੀ ਮੰਗਣ ਵਾਲੇ ਵਕੀਲ ਨੇ ਉਸ ਦਾ ਮੌਤ ਦਾ ਸਰਟੀਫਿਕੇਟ ਵੀ ਹਾਸਲ ਕਰ ਲਿਆ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਬੇਟੀ 'ਤੇ ਕਾਂਗਰਸ ਦੇ ਦੋਸ਼ਾਂ ਨੂੰ ਝੂਠ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਦੀ ਬੇਟੀ ਦੀ ਉਮਰ ਸਿਰਫ 18 ਸਾਲ ਹੈ। ਉਹ ਕਾਲਜ ਵਿੱਚ ਪਹਿਲੇ ਸਾਲ ਦੀ ਵਿਦਿਆਰਥਣ ਹੈ। ਕਾਂਗਰਸ ਨੇ ਇਹ ਦੋਸ਼ ਬੇਟੀ ਦੇ ਚਰਿੱਤਰ ਨੂੰ ਖਰਾਬ ਕਰਨ ਤੇ ਉਸ ਦੀ ਛਵੀ ਨੂੰ ਖ਼ਰਾਬ ਕਰਨ ਲਈ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਤੋਂ ਅਦਾਲਤ ਵਿੱਚ ਜਵਾਬ ਮੰਗਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੇਰਾ ਕਸੂਰ ਸਿਰਫ਼ ਇਹ ਹੈ ਕਿ ਮੈਂ ਅਮੇਠੀ ਵਿੱਚ ਰਾਹੁਲ ਗਾਂਧੀ ਨੂੰ ਹਰਾਇਆ। ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਵੱਲੋਂ 74 ਥਾਵਾਂ 'ਤੇ ਨਾਕੇ ਲਗਾ ਕੇ ਸ਼ਹਿਰ ਸੀਲ