DGP ਦੇ ਅਹੁਦੇ ਨੂੰ ਲੈ ਕੇ ਭੰਬਲਭੂਸਾ ਹੋਇਆ ਖ਼ਤਮ, ਗੌਰਵ ਯਾਦਵ ਬਣੇ ਰਹਿਣਗੇ ਡੀਜੀਪੀ !
ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਵੀਰੇਸ਼ ਕੁਮਾਰ ਭਵਰਾ ਦੀ ਦੋ ਮਹੀਨੇ ਦੀ ਛੁੱਟੀ ਚਾਰ ਸਤੰਬਰ ਨੂੰ ਖ਼ਤਮ ਹੋਣ ਜਾ ਰਹੀ ਹੈ। ਉਹ ਛੁੱਟੀ ਤੋਂ ਪਰਤਣਗੇ ਤਾਂ ਸਰਕਾਰ ਉਨ੍ਹਾਂ ਨੂੰ ਡੀਜੀਪੀ ਅਹੁਦੇ ਉਤੇ ਨਹੀਂ ਲਾਏਗੀ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਵੀਕੇ ਭਵਰਾ ਦੀ ਨਿਯੁਕਤੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਸੀਐੱਮਡੀ ਵਜੋਂ ਹੋਵੇਗੀ। ਹਾਊਸਿੰਗ ਕਾਰਪੋਰੇਸ਼ਨ ਦੇ ਸੀਐਮਡੀ ਦਾ ਅਹੁਦਾ ਦਿਨਕਰ ਗੁਪਤਾ ਦੇ ਐੱਨਆਈਏ ਮੁਖੀ ਬਣਨ ਤੋਂ ਬਾਅਦ ਖ਼ਾਲੀ ਹੋ ਗਿਆ ਸੀ ਕਿਉਂਕਿ ਨਵੇਂ ਨਿਯਮਾਂ ਮੁਤਾਬਕ ਡੀਜੀਪੀ ਨੂੰ ਉਸ ਦੇ ਅਹੁਦੇ ਤੋਂ ਦੋ ਸਾਲ ਤੋਂ ਪਹਿਲਾਂ ਨਹੀਂ ਹਟਾਇਆ ਜਾ ਸਕਦਾ, ਇਸ ਲਈ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਹੋਰ ਉੱਚ ਪੱਧਰੀ ਬੈਠਕਾਂ 'ਚ ਇਹੀ ਸਸ਼ੋਪੰਜ ਚੱਲਦਾ ਰਿਹਾ ਕਿ ਇਸ ਦਾ ਕੀ ਬਦਲ ਲੱਭਿਆ ਜਾਵੇ। ਪੰਜਾਬ ਸਰਕਾਰ ਨੇ ਵੀਕੇ ਭਵਰਾ ਉਤੇ ਦਬਾਅ ਬਣਾਉਣ ਲਈ ਕਾਰਨ ਦੱਸੋ ਨੋਟਿਸ ਭੇਜਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਉਤੇ ਦੋਸ਼ ਹੈ ਕਿ ਮੋਹਾਲੀ ਵਿਚ ਇੰਟੈਲੀਜੈਂਸੀ ਆਫਿਸ ਉਤੇ ਆਰਪੀਜੀ ਹਮਲੇ ਅਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਖੂਫੀਆ ਅਲਰਟ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਲਿਆ ਗਿਆ। ਕਾਬਿਲੇਗੌਰ ਹੈ ਕਿ ਡੀਜੀਪੀ ਵੀਕੇ ਭਵਰਾ ਦੇ ਦੋ ਮਹੀਨੇ ਪਹਿਲਾਂ ਛੁੱਟੀ ਉਤੇ ਚਲੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਲਾ ਦਿੱਤਾ ਸੀ। ਸੂਤਰਾਂ ਅਨੁਸਾਰ ਸਰਕਾਰ ਉਨ੍ਹਾਂ ਨੂੰ ਹੀ ਡੀਜੀਪੀ ਲਾਏ ਰੱਖਣਾ ਚਾਹੁੰਦੀ ਹੈ। ਇਹ ਦੂਜਾ ਮੌਕਾ ਹੈ ਜਦੋਂ ਡੀਜੀਪੀ ਲਾਉਣ ਲਈ ਮੁੜ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਨੇ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਜਦੋਂ ਕਾਰਜਕਾਰੀ ਡੀਜੀਪੀ ਲਾਇਆ ਗਿਆ ਸੀ। ਕਾਬਿਲੇਗੌਰ ਹੈ ਕਿ ਵੀਕੇ ਭਵਰਾ ਦੇ ਡੀਜੀਪੀ ਵਜੋਂ ਕਾਰਜਕਾਲ ਵੇਲੇ ਪੰਜਾਬ 'ਚ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਸਮੇਤ ਹੋਰ ਵੱਡੀਆਂ ਵਾਰਦਾਤਾਂ ਵਾਪਰੀਆਂ ਸਨ। ਉਥੇ ਹੀ ਗੌਰਵ ਯਾਦਵ ਦੇ ਕਾਰਜਕਾਰੀ ਡੀਜੀਪੀ ਵਜੋਂ ਕਾਰਜਕਾਲ ਵਿਚ ਮੂਸੇਵਾਲਾ ਨੂੰ ਮਾਰਨ ਵਾਲੇ ਦੋ ਗੈਂਗਸਟਰਾਂ ਨੂੰ ਮੁਕਾਬਲੇ ਵਿਚ ਮਾਰਨ, ਸਚਿਨ ਬਿਸ਼ਨੋਈ ਨੂੰ ਅਜ਼ਰਬਾਇਜਾਨ ਵਿਚ ਕਾਬੂ ਕਰਨ ਸਮੇਤ ਹੋਰ ਅਹਿਮ ਪ੍ਰਾਪਤੀਆਂ ਹੋਈਆਂ ਹਨ। -PTC News ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ 'ਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ ਹੋਇਆ ਬਰਾਤ ਰੂਪੀ ਨਗਰ ਕੀਰਤਨ