ਹਲਕਾ ਫ਼ਰੀਦਕੋਟ ਤੋਂ ਜੇਤੂ ਉਮੀਦਵਾਰ ਲਈ ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਲੱਗੀ ਸ਼ਰਤ
ਫ਼ਰੀਦਕੋਟ : ਕੱਲ੍ਹ ਨੂੰ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਾਂ ਦੀ ਗਿਣਤੀ ਹੋਣੀ ਹੈ। ਸਾਰੇ ਉਮੀਦਵਾਰਾਂ ਦੀ ਧੜਕਣਾਂ ਕਾਫੀ ਤੇਜ਼ ਹੋ ਚੁੱਕੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਇਸ ਵਿਚਕਾਰ ਲੋਕਾਂ ਦੀਆਂ ਵੀ ਤਿੱਖੀ ਨਜ਼ਰਾਂ ਵੋਟਾਂ ਦੀ ਗਿਣਤੀ ਉਤੇ ਹੈ। ਵੱਖ-ਵੱਖ ਸਿਆਸੀ ਧਿਰਾਂ ਦੇ ਹਮਾਇਤੀਆਂ ਵਿਚਕਾਰ ਸ਼ਰਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦਰਮਿਆਨ ਸੁਖਚੈਨ ਸਿੰਘ ਚੰਨਾ ਪ੍ਰਧਾਨ ਕਾਂਗਰਸ ਹਲਕਾ ਫ਼ਰੀਦਕੋਟ ਵਾਸੀ ਪਿੰਡ ਕਲਾ ਨੇ ਕਮਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਵਾਸੀ ਮੋਰਾਂ ਵਾਲੀ ਜ਼ਿਲ੍ਹਾ ਫ਼ਰੀਦਕੋਟ ਨੇ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਲਈ ਇੱਕ ਲੱਖ ਰੁਪਏ ਦੀ ਸ਼ਰਤ ਲਗਾਈ ਹੈ। ਸੁਖਚੈਨ ਸਿੰਘ ਇਹ ਮੰਨਦੇ ਹਨ ਕਿ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਫ਼ਰੀਦਕੋਟ ਦੀ ਜਿੱਤ ਪੱਕੀ ਹੈ। ਉਨ੍ਹਾਂ ਨੇ ਸ਼ਰਤ ਲਗਾ ਕੇ ਸਕਿਓਰਿਟੀ ਦੇ ਰੂਪ ਵਿੱਚ ਇੱਕ ਲੱਖ ਰੁਪਏ ਮਨਦੀਪ ਟੱਕਰ ਵਾਸੀ ਬਾਬਾ ਫ਼ਰੀਦ ਨਗਰ ਫ਼ਰੀਦਕੋਟ ਕੋਲ ਜਮ੍ਹਾਂ ਕਰਵਾ ਦਿੱਤੀ ਹੈ। ਕਮਲਜੀਤ ਸਿੰਘ ਵੱਲੋਂ ਆਪਣੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਪੱਕੀ ਜਿੱਤ ਲਈ ਸਕਿਓਰਿਟੀ ਦੇ ਰੂਪ ਵਿੱਚ ਇਕ ਲੱਖ ਰੁਪਏ ਮਨਦੀਪ ਟੱਕਰ ਕੋਲ ਜਮ੍ਹਾਂ ਕਰਵਾ ਦਿੱਤੇ ਹਨ। ਜਿਸ ਵੀ ਹਮਾਇਤੀ ਦਾ ਉਮੀਦਵਾਰ ਜਿੱਤ ਜਾਵੇਗਾ ਉਹ ਦੋ ਲੱਖ ਰੁਪਏ ਲੈਣ ਦੇ ਹੱਕਦਾਰ ਹੋਵੇਗਾ। ਮਤਲਬ ਉਹ ਸ਼ਰਤ ਦੇ ਰੂਪ ਵਿੱਚ ਪੈਸੇ ਜਿੱਤ ਜਾਵੇਗਾ। ਜ਼ਿਕਰਯੋਗ ਹੈ ਕਿ ਦੋਵੇਂ ਧਿਰਾਂ ਨੇ ਇਹ ਸ਼ਰਤ ਸਟੈਂਪ ਪੇਪਰ ਜ਼ਰੀਏ ਕੀਤੀ ਹੈ ਤਾਂ ਕਿ ਬਾਅਦ ਵਿੱਚ ਕੋਈ ਮੁਕਰ ਨਾ ਸਕੇ। ਇਸ ਸ਼ਰਤ ਦੀ ਇਲਾਕੇ ਵਿੱਚ ਚਰਚਾ ਚੱਲ ਰਹੀ ਅਤੇ ਸਿਆਸੀ ਗਲਿਆਰਿਆਂ ਵਿੱਚ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਵੀ ਪੜ੍ਹੋ : ਜੇਲ੍ਹਾਂ 'ਚ ਮੁਲਾਕਾਤਾਂ 'ਤੇ ਲੱਗੀ ਪਾਬੰਦੀ ਹਟਾਈ ਜਾਵੇ : ਬਿਕਰਮ ਸਿੰਘ ਮਜੀਠੀਆ