ਪੰਜਾਬ 'ਚ ਭਾਈਚਾਰਕ ਸਾਂਝ ਬਹੁਤ ਮਜ਼ਬੂਤ, ਨਫਰਤ ਲਈ ਨਹੀਂ ਕੋਈ ਥਾਂ : ਮੁੱਖ ਮੰਤਰੀ ਮਾਨ
ਚੰਡੀਗੜ੍ਹ: ਈਦ ਦਾ ਪਵਿੱਤਰ ਤਿਉਹਾਰ ਪੂਰੀਆਂ ਦੁਨੀਆਂ ਵਿੱਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਮੁੱਖ ਮੰਤਰੀ ਮਾਨ ਨੇ ਮਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕੀਤਾ। ਪਟਿਆਲਾ ਵਿੱਚ ਹਾਲ ਹੀ ਵਿੱਚ ਹੋਏ ਤਣਾਅ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਵਿੱਚ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ ਅਤੇ ਨਫ਼ਰਤ ਫੈਲਾਉਣ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ। ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਹੀ ਜ਼ਿਆਦਾ ਉਪਜਾਓ ਹੈ। ਇੱਥੇ ਸਾਰੇ ਇਕੱਠੇ ਰਹਿੰਦੇ ਹਨ ਜਿਸ ਕਾਰਨ ਇੱਥੇ ਕੁਝ ਵੀ ਬੀਜਿਆ ਜਾ ਸਕਦਾ ਹੈ ਪਰ ਨਫ਼ਰਤ ਨਹੀਂ ਕੋਈ ਬੀਜ ਸਕਦਾ ਕਿਉਂਕਿ ਇਹ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਜੋ ਪੈਸਾ ਲੁੱਟਿਆ ਗਿਆ ਹੈ, ਉਸ ਨੂੰ ਵਾਪਸ ਲਿਆਂਦਾ ਜਾਵੇਗਾ ਅਤੇ ਸੂਬੇ ਦੇ ਵਿਕਾਸ ਵਿੱਚ ਲਾਇਆ ਜਾਵੇਗਾ। ਈਦ-ਉਲ-ਫਿਤਰ ਦੇ ਸ਼ੁਭ ਮੌਕੇ 'ਤੇ ਸਥਾਨਕ ਈਦਗਾਹ ਵਿਖੇ ਨਮਾਜ਼ ਅਦਾ ਕਰਨ ਮੌਕੇ ਸ਼ਿਰਕਤ ਕਰਨ ਤੋਂ ਬਾਅਦ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਈਦ ਇਕ ਅਜਿਹਾ ਤਿਉਹਾਰ ਹੈ ਜੋ ਸਾਨੂੰ ਦੂਜਿਆਂ ਦੇ ਦੁੱਖ-ਸੁੱਖ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਇਹ ਪਵਿੱਤਰ ਤਿਉਹਾਰ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਮਲੇਰਕੋਟਲਾ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਬਣੇ ਜ਼ਿਲ੍ਹੇ ਵਿੱਚ ਲੋੜੀਂਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਮਾਲੇਰਕੋਟਲਾ ਨੂੰ ਸਿਰਫ਼ ਜ਼ਿਲ੍ਹੇ ਦਾ ਦਰਜਾ ਦਿੱਤਾ ਸੀ ਪਰ ਇਸ ਨੂੰ ਸਹੀ ਅਰਥਾਂ ਵਿੱਚ ਜ਼ਿਲ੍ਹਾ ਬਣਾਉਣ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਉਹ ਮਾਲੇਰਕੋਟਲਾ ਦੀਆਂ ਲੋੜਾਂ ਤੋਂ ਭਲੀ-ਭਾਂਤ ਜਾਣੂ ਹਨ ਅਤੇ ਜ਼ਿਲ੍ਹੇ ਵਿੱਚ ਸਿੱਖਿਆ ਤੇ ਸਿਹਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜ਼ੀਹ ਦਿੱਤੀ ਜਾਵੇਗੀ। ਸਥਾਨਕ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਉਠਾਈਆਂ ਮੰਗਾਂ ਨੂੰ ਮੰਨਦੇ ਹੋਏ ਭਗਵੰਤ ਮਾਨ ਨੇ ਭਰੋਸਾ ਦਿਵਾਇਆ ਕਿ ਇਸ ਇਤਿਹਾਸਕ ਸ਼ਹਿਰ ਨੂੰ ਉਦੋਂ ਤੱਕ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਜਦੋਂ ਤੱਕ ਸਮੁੱਚੇ ਵਿਕਾਸ ਕਾਰਜ ਇਸ ਦੇ ਵਸਨੀਕਾਂ ਦੀ ਤਸੱਲੀ ਅਨੁਸਾਰ ਮੁਕੰਮਲ ਨਹੀਂ ਹੋ ਜਾਂਦੇ। ਸੂਬੇ ਦੀ ਗੁਆਚੀ ਸ਼ਾਨ ਨੂੰ ਮੁੜ ਹਾਸਲ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ 46 ਦਿਨਾਂ ਦੌਰਾਨ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਸਾਫ਼-ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਉਨ੍ਹਾਂ ਦੀ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਦੇਖਿਆ ਹੈ। ਇਸ ਦੌਰਾਨ ਜਿੱਥੇ ਭ੍ਰਿਸ਼ਟਾਚਾਰ ਦਾ ਖ਼ਾਤਮਾ ਹੋਇਆ ਹੈ, ਉੱਥੇ ਹੀ ਸਰਕਾਰੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਸਫ਼ਲ ਮੁਹਿੰਮ ਚਲਾਈ ਗਈ ਹੈ। 'ਆਪ' ਸਰਕਾਰ ਨੂੰ ਕਾਰਗੁਜ਼ਾਰੀ ਲਈ ਲੋਕਾਂ ਨੂੰ ਕੁਝ ਹੋਰ ਸਮਾਂ ਦੇਣ ਦੀ ਅਪੀਲ ਕਰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ ਅਤੇ ਉਨ੍ਹਾਂ ਦੀ ਕੈਬਨਿਟ ਨੇ ਪਹਿਲਾਂ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ 26,454 ਅਸਾਮੀਆਂ ਭਰਨ ਲਈ ਵੱਡੇ ਪੱਧਰ 'ਤੇ ਭਰਤੀ ਮੁਹਿੰਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕੈਬਨਿਟ ਨੇ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇੱਕ ਹੀ ਪੈਨਸ਼ਨ ਦੇਣ ਲਈ ਐਕਟ ਵਿੱਚ ਸੋਧ ਕਰਨ ਦੀ ਮਨਜ਼ੂਰੀ ਦਿੱਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸਰਕਾਰੀ ਖ਼ਜ਼ਾਨੇ ਵਿੱਚੋਂ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ਲਈ ਖ਼ਰਚਣ ਲਈ ਵਚਨਬੱਧ ਹੈ। ਪਿਛਲੀਆਂ ਸਰਕਾਰਾਂ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਝੂਠੇ ਕੇਸ ਦਰਜ ਕਰਨ ਦੀ ਰਵਾਇਤ ਨੂੰ ਤੋੜਨ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਵਸੀਲਿਆਂ ਨੂੰ ਬੇਰਹਿਮੀ ਨਾਲ ਲੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਨੇ ਕਿਹਾ “ਇਹ ਲੋਕ ਕਈ ਸਾਲਾਂ ਤੋਂ ਰਾਜ ਨੂੰ ਲੁੱਟਣ ਤੋਂ ਬਾਅਦ ਵੀ ਸੰਤੁਸ਼ਟ ਨਹੀਂ ਹਨ। ਪਰ ਹੁਣ ਲੋਕਾਂ ਦੀ ਆਪਣੀ ਸਰਕਾਰ ਹੈ। ਲੁਟੇਰਿਆਂ ਤੋਂ ਵਿਆਜ ਸਮੇਤ ਪੈਸੇ ਵਾਪਸ ਲਏ ਜਾਣਗੇ।" ਇਸ ਤੋਂ ਪਹਿਲਾਂ ਮਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮੁੱਖ ਮੰਤਰੀ ਸਾਹਮਣੇ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਗੱਜਣਮਾਜਰਾ ਵਿਧਾਇਕ ਅਮਰਗੜ੍ਹ, ਮੁਫਤੀ-ਏ-ਆਜ਼ਮ ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕੰਧਲਵੀ, ਮੁਹੰਮਦ ਅਸਲਮ ਬਚੀ, ਰਵੀ ਭਗਤ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ, ਮੁਖਵਿੰਦਰ ਸਿੰਘ ਛੀਨਾ ਆਈਜੀ ਪੰਜਾਬ ਪੁਲਿਸ, ਜਤਿੰਦਰ ਜੋਰਵਾਲ ਡਿਪਟੀ ਕਮਿਸ਼ਨਰ, ਅਲਕਾ ਮੀਨਾ ਸੀਨੀਅਰ ਪੁਲਿਸ ਕਪਤਾਨ, ਸੁਖਪ੍ਰੀਤ ਸਿੰਘ ਸਿੱਧੂ ਵਧੀਕ ਡਿਪਟੀ ਕਮਿਸ਼ਨਰ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਇਲਾਵਾ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਦਾ ਕੰਮ ਵੀ ਜਾਰੀ ਹੈ ਅਜੇ ਉਨ੍ਹਾਂ ਨੂੰ ਥੋੜ੍ਹਾ ਹੀ ਸਮਾਂ ਹੋਇਆ ਹੈ। ਇਸ ਸਭ ਨੂੰ ਕੁਝ ਸਮਾਂ ਲੱਗੇਗਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਵਾਉਣਾ ਸਾਡਾ ਮੁੱਖ ਮਕਸਦ ਹੈ। ਇਹ ਕੰਮ ਥੋੜ੍ਹਾ ਔਖਾ ਹੈ ਕਿਉਂਕਿ ਸਿਸਟਮ ਨੂੰ ਵਿਗੜੇ ਹੋਏ 75 ਸਾਲ ਹੋ ਗਏ ਹਨ ਪਰ ਆਉਣ ਵਾਲੇ ਸਮੇਂ ਵਿੱਚ ਬਦਲਾਅ ਨ਼ਜ਼ਰ ਆਵੇਗਾ। ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਇਆ ਜਾਵੇਗਾ। ਇਹ ਵੀ ਪੜ੍ਹੋ : ਸਿੱਧੂ ਮਗਰੋਂ ਹੁਣ ਰਾਜਪਾਲ ਨੂੰ ਮਿਲਣਗੇ ਰਾਜਾ ਵੜਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ