ਹਾਸ ਕਲਾਕਾਰ ਰਾਜੂ ਸ਼੍ਰੀਵਾਸਤਵ ਦੀ ਐਮਆਰਆਈ ਰਿਪੋਰਟ ਆਈ ਸਾਹਮਣੇ
ਨਵੀਂ ਦਿੱਲੀ, 15 ਅਗਸਤ: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਹਸਪਤਾਲ 'ਚ ਦਾਖਲ ਹਨ, ਦਿਲ ਦਾ ਦੌਰਾ ਪੈਣ ਤੋਂ ਬਾਅਦ ਰਾਜੂ ਨੂੰ ਹੁਣ ਤੱਕ ਹੋਸ਼ ਨਹੀਂ ਆਇਆ ਹੈ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ ਪਰ ਕਾਮੇਡੀਅਨ ਦੇ ਪ੍ਰਸ਼ੰਸਕ ਅਤੇ ਸ਼ੁਭਚਿੰਤਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਰਾਜੂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਹੁਣ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ, ਨਾਲ ਹੀ ਉਹ ਹੁਣ ਜਵਾਬ ਵੀ ਦੇ ਰਹੇ ਹਨ, ਉਨ੍ਹਾਂ ਦੀ ਐਮਆਰਆਈ ਰਿਪੋਰਟ ਵੀ ਸਾਹਮਣੇ ਆ ਚੁੱਕੀ ਹੈ। ਸਾਹਮਣੇ ਆਈ ਰਿਪੋਰਟ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਰਾਜੂ ਦੇ ਸਿਰ ਵਿੱਚ ਕੁਝ ਨਾੜ ਦੱਬੀ ਹੋਈ ਹੈ। ਅਜਿਹੇ 'ਚ ਡਾਕਟਰ ਇਸ ਨੂੰ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਨਾੜੀ ਦੱਬਣ ਕਾਰਨ ਉਨ੍ਹਾਂ ਨੂੰ ਠੀਕ ਹੋਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਰਾਜੂ ਸ਼੍ਰੀਵਾਸਤਵ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਹਰ ਕੋਈ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰ ਰਿਹਾ ਹੈ। ਇਸ ਸਿਲਸਿਲੇ 'ਚ ਬੀਤੇ ਦਿਨੀਂ ਜਿੱਥੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਨੇ ਰਾਜੂ ਦੇ ਨਾਂਅ ਇੱਕ ਆਡੀਓ ਸੰਦੇਸ਼ ਭੇਜਿਆ ਸੀ। ਇਸ ਦੇ ਨਾਲ ਹੀ ਹੁਣ ਕਾਮੇਡੀਅਨ ਦੀ ਤੰਦਰੁਸਤੀ ਲਈ ਮਸ਼ਹੂਰ ਗਾਇਕ ਕੈਲਾਸ਼ ਖੇਰ ਨੇ ਵੀ ਇੱਕ ਨੇਕ ਉਪਰਾਲਾ ਕੀਤਾ ਹੈ। ਗਾਇਕ ਕੈਲਾਸ਼ ਰਾਜੂ ਸ਼੍ਰੀਵਾਸਤਵ ਲਈ ਮਹਾਮਰਿਤੁੰਜੇ ਮੰਤਰ ਦਾ ਜਾਪ ਕਰਵਾ ਰਹੇ ਹਨ। ਰਾਜੂ 10 ਅਗਸਤ ਨੂੰ ਜਿੰਮ ਵਿੱਚ ਵਰਕਆਊਟ ਦੌਰਾਨ ਛਾਤੀ ਵਿੱਚ ਦਰਦ ਹੋਣ ਕਾਰਨ ਬੇਹੋਸ਼ ਹੋ ਗਏ ਸਨ। ਉਦੋਂ ਤੋਂ ਉਹ ਦਿੱਲੀ ਦੇ ਏਮਜ਼ ਵਿੱਚ ਦਾਖ਼ਲ ਹਨ। ਇਸ ਦਰਮਿਆਨ ਕੁਝ ਝੂਠੀਆਂ ਖਬਰਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਉਨ੍ਹਾਂ ਦੇ ਪੂਰੇ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪਰਿਵਾਰ ਵਾਲਿਆਂ ਨੇ ਲੋਕਾਂ ਨੂੰ ਝੂਠੀਆਂ ਅਫ਼ਵਾਵਾਂ ਤੋਂ ਸੰਕੋਚ ਕਰਨ ਲਈ ਕਿਹਾ ਹੈ। -PTC News