ਈ-ਨਿਲਾਮੀ ਹੋਣ ਕਰ ਕੇ ਕੋਲੇ ਦੀਆਂ ਕੀਮਤਾਂ 'ਚ ਵਾਧਾ, ਪਾਵਰਕਾਮ 'ਤੇ ਪੈ ਰਿਹਾ ਵਾਧੂ ਬੋਝ
ਪਟਿਆਲਾ : ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਪੰਜਾਬ ਦੇ ਨਿੱਜੀ ਪਾਵਰ ਪਲਾਂਟਾਂ 'ਚ ਕੋਲੇ ਦੇ ਸੰਕਟ ਨੇ ਬਿਜਲੀ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਹੈ। ਗਰਮੀ ਵਿੱਚ ਬਿਜਲੀ ਦੀ ਮੰਗ ਵਧੀ ਹੈ। ਇਸ ਦੇ ਉਲਟ ਈ-ਨਿਲਾਮੀ ਹੋਣ ਕਾਰਨ ਕੋਲੇ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ, ਜਿਸ ਕਾਰਨ ਕੋਲਾ ਖ਼ਰੀਦਣਾ ਪੰਜਾਬ ਪਾਵਰਕਾਮ ਨੂੰ ਕਾਫੀ ਮਹਿੰਗਾ ਪੈ ਰਿਹਾ ਹੈ। ਕੋਲ ਖਾਣਾਂ ਪੰਜਾਬ ਤੋਂ 1600 ਕਿਲੋਮੀਟਰ ਦੂਰ ਹੋਣ ਕਾਰਨ ਰੇਲਵੇ ਕਿਰਾਇਆ ਕਾਫੀ ਲੱਗਦਾ ਹੈ। ਇਸ ਕਾਰਨ ਪੰਜਾਬ ਉਤੇ ਇਸ ਦਾ ਵਾਧੂ ਬੋਝ ਪੈਂਦਾ ਹੈ। ਇਸ ਕਾਰਨ ਪਾਵਰਕਾਮ ਵੱਡੇ ਵਿੱਤੀ ਸੰਕਟ ਵਿੱਚ ਘਰ ਸਕਦਾ ਹੈ। ਝੋਨੇ ਦੇ ਸੀਜ਼ਨ ਦੇ ਦੌਰਾਨ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੱਕ ਜਾਣ ਦਾ ਅਨੁਮਾਨ ਹੈ। ਇਸੇ ਦੌਰਾਨ ਪੰਜਾਬ ਵਿਚਲੇ ਥਰਮਲ ਪਲਾਂਟਾਂ ਵਿੱਚ ਕੋਲੇ ਦੇ ਸਟਾਕ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਬਠਿੰਡਾ ਵਿਖੇ ਤਲਵੰਡੀ ਸਾਬੋ ਵਿੱਚ ਸਥਿਤ ਥਰਮਲ ਪਲਾਂਟ ਵਿੱਚ ਸਿਰਫ਼ 1.6 ਦਿਨ ਦਾ ਕੋਲਾ ਬਚਿਆ ਹੈ। ਜਦਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਚ 1.7 ਦਿਨ ਦਾ ਕੋਲਾ ਬਚਿਆ ਹੈ। ਇਸ ਤੋਂ ਇਲਾਵਾ ਰਾਜਪੁਰਾ ਥਰਮਲ ਪਲਾਂਟ ਵਿੱਚ 7 ਦਿਨ ਦਾ ਕੋਲਾ ਬਚਿਆ ਹੈ। ਇਸ ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟਾਂ ਵਿੱਚ 20 ਤੋਂ 24 ਦਿਨ ਦਾ ਕੋਲਾ ਪਿਆ ਹੈ। ਜੇ ਕੋਲੇ ਦੀ ਆਮਦ ਦੀ ਗੱਲ ਕੀਤੀ ਜਾਵੇ ਤਾਂ ਤਲਵੰਡੀ ਸਾਬੋ ਪਲਾਂਟ ਵਿੱਚ ਮੰਗਲਵਾਰ ਨੂੰ 20 ਰੈਕ ਕੋਲੇ ਦੇ ਪੁੱਜੇ ਜਦ ਕਿ ਗੋਇੰਦਵਾਲ ਸਾਹਿਬ ਅਤੇ ਰਾਜਪੁਰਾ ਪਲਾਂਟਾਂ ਵਿੱਚ ਮਹਿਜ਼ 8 ਰੈਕ ਹੀ ਪੁੱਜੇ ਸਨ। ਗਰਮੀ ਦੇ ਸ਼ੁਰੂਆਤ ਵਿੱਚ ਅਜਿਹੇ ਹਾਲਾਤ ਬਣਨ ਨਾਲ ਆਉਣ ਵਾਲੇ ਦਿਨਾਂ ਵਿੱਚ ਸੰਕਟ ਹੋਰ ਵੱਧ ਸਕਦਾ ਹੈ। ਕੋਲ ਇੰਡੀਆ ਤੋਂ ਕੋਲੇ ਦੀ ਸਪਲਾਈ 'ਚ ਕਮੀ ਹੈ ਤੇ ਅਜਿਹੇ 'ਚ ਜਦੋਂ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ 'ਚ ਬਿਜਲੀ ਦੀ ਮੰਗ ਆਪਣੇ ਸਿਖਰ 'ਤੇ ਹੋਵੇਗੀ । ਇਸ ਨਾਲ ਗਰਮੀ ਵਿੱਚ ਲੋਕਾਂ ਨੂੰ ਬਿਜਲੀ ਕਾਰਨ ਪਰੇਸ਼ਾਨੀ ਆਉਣ ਦੀ ਸੰਭਾਵਨਾ ਬਣ ਰਹੀ ਹੈ। ਰਿਪੋਰਟ : ਗਗਨਦੀਪ ਆਹੂਜਾ ਇਹ ਵੀ ਪੜ੍ਹੋ : ਭੁਪਿੰਦਰ ਸਿੰਘ ਹਨੀ ਨੂੰ ਮੁੜ 6 ਅਪ੍ਰੈਲ ਤੱਕ ਨਿਆਂਇਕ 'ਚ ਭੇਜਿਆ