ਬਿਜਲੀ ਸੰਕਟ : ਕੋਲੇ ਦੀ ਆਮਦ 73 ਫ਼ੀਸਦੀ ਤੋਂ ਵੱਧ ਘਟੀ, ਕੇਂਦਰ ਨੇ ਕੀਤੇ ਹੱਥ ਖੜ੍ਹੇ
ਪਟਿਆਲਾ : ਕੋਲ ਇੰਡੀਆ ਲਿਮਟਿਡ (ਸੀਆਈਐਲ) ਵੱਲੋਂ ਬਾਲਣ ਸਪਲਾਈ ਸਮਝੌਤਿਆਂ (ਐਫਐਸਏ) ਦੇ ਤਹਿਤ ਤੈਅ ਕੀਮਤਾਂ 'ਤੇ ਕੋਲੇ ਦੀ ਸਪਲਾਈ ਘੱਟ ਹੋਣ ਕਾਰਨ ਪੈਦਾ ਹੋਇਆ ਸੰਕਟ ਦਿਨੋਂ ਦਿਨ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਸਰਕਾਰੀ ਮਾਲਕੀ ਵਾਲੇ ਥਰਮਲ ਪਲਾਂਟਾਂ ਵਿੱਚ ਵੀ ਸਟਾਕ ਘੱਟਣਾ ਸ਼ੁਰੂ ਹੋ ਗਿਆ ਹੈ। ਲਹਿਰਾ ਤੇ ਰੋਪੜ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚੱਲਣ ਲੱਗੇ ਹਨ ਤਾਂ ਕੋਲਾ ਵੀ ਖ਼ਤਮ ਹੋਣ ਲੱਗਿਆ ਹੈ। ਕੇਂਦਰੀ ਬਿਜਲੀ ਅਥਾਰਟੀ (ਸੀਈਏ) ਕੋਲ ਉਪਲਬਧ ਅੰਕੜਿਆਂ ਅਨੁਸਾਰ, ਚਾਲੂ ਮਹੀਨੇ ਦੌਰਾਨ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਆਮਦ 73 ਫ਼ੀਸਦੀ ਤੋਂ ਵੱਧ ਘਟੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਵੀ ਕੋਲੇ ਦੀ ਵਾਧੂ ਮੰਗ ਪੂਰਾ ਕਰਨ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਸਰਦੀਆਂ ਦੌਰਾਨ ਲਹਿਰਾ ਤੇ ਰੋਪੜ ਥਰਮਲ ਪਲਾਂਟਾਂ ਵਿੱਚ ਕੋਈ ਬਿਜਲੀ ਉਤਪਾਦਨ ਨਹੀਂ ਹੋਇਆ ਸੀ ਜਿਸ ਨੇ ਪੀਐਸਪੀਸੀਐਲ ਨੂੰ ਕੋਲੇ ਦੇ ਭੰਡਾਰਾਂ ਨੂੰ ਸਟੋਰ ਕਰਨ ਵਿੱਚ ਮਦਦ ਕੀਤੀ ਸੀ ਪਰ ਜਿਵੇਂ ਹੀ ਗਰਮੀਆਂ ਦੀ ਸ਼ੁਰੂਆਤ ਤੇ ਖੁੱਲ੍ਹੇ ਐਕਸਚੇਂਜ ਵਿੱਚ ਬਿਜਲੀ ਦੀਆਂ ਕੀਮਤਾਂ 20 ਰੁਪਏ ਪ੍ਰਤੀ ਯੂਨਿਟ ਹੋਣ ਕਾਰਨ ਬਿਜਲੀ ਦੀ ਮੰਗ ਵਧ ਗਈ ਹੈ, ਪੀਐਸਪੀਸੀਐਲ ਨੇ ਲਹਿਰਾ ਤੇ ਰੋਪੜ ਦੋਵਾਂ ਪਲਾਂਟਾਂ ਨੂੰ ਪੂਰੀ ਸਮਰੱਥਾ ਲਾਲ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਲਹਿਰਾ ਮੁਹੱਬਤ ਦੇ ਸਾਰੇ ਚਾਰ ਯੂਨਿਟ ਪੂਰੀ ਸਮਰੱਥਾ ਨਾਲ 826 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਸਨ, ਜਦਕਿ ਰੋਪੜ ਵਿਖੇ 210 ਮੈਗਾਵਾਟ ਦੇ ਚਾਰ ਯੂਨਿਟਾਂ ਵਿੱਚੋਂ ਤਿੰਨ ਪੂਰੀ ਸਮਰੱਥਾ ਨਾਲ 567 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਸਨ। ਕੋਲੇ ਦੀ ਸੀਮਤ ਆਮਦ ਦੋਵਾਂ ਪਾਵਰ ਪਲਾਂਟਾਂ 'ਤੇ ਸਟਾਕ ਦੀ ਤੇਜ਼ੀ ਨਾਲ ਕਮੀ ਵੱਲ ਲੈ ਜਾਂਦੀ ਹੈ। ਭਾਵੇਂ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਸਥਿਤੀ ਪਹਿਲਾਂ ਹੀ ਨਾਜ਼ੁਕ ਹੈ। ਸਰਕਾਰੀ ਮਾਲਕੀ ਵਾਲੇ ਦੋ ਥਰਮਲ ਪਲਾਂਟ ਜਿਨ੍ਹਾਂ ਕੋਲ 10 ਦਿਨ ਪਹਿਲਾਂ ਤੱਕ ਕ੍ਰਮਵਾਰ 21 ਤੇ 24 ਦਿਨਾਂ ਦਾ ਸਟਾਕ ਸੀ, ਹੁਣ ਸਿਰਫ਼ 12 ਤੇ 13 ਦਿਨਾਂ ਦਾ ਸਟਾਕ ਹੈ। ਪੀਐਸਪੀਸੀਐਲ ਦੇ ਸੂਤਰਾਂ ਨੇ ਕਿਹਾ ਕਿ ਪਾਈਪਲਾਈਨਾਂ ਵਿੱਚ ਕੋਈ ਯਕੀਨੀ ਕੋਲੇ ਦੇ ਰੈਕ ਨਾ ਹੋਣ ਕਾਰਨ, ਇਥੇ ਵੀ ਜਲਦੀ ਹੀ ਸਥਿਤੀ ਕਮਜ਼ੋਰ ਹੋਵੇਗੀ। ਕੇਂਦਰੀ ਬਿਜਲੀ ਅਥਾਰਟੀ (ਸੀਈਏ) ਕੋਲ ਉਪਲਬਧ ਅੰਕੜਿਆਂ ਅਨੁਸਾਰ, ਚਾਲੂ ਮਹੀਨੇ ਦੌਰਾਨ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਆਮਦ 73% ਤੋਂ ਵੱਧ ਘਟੀ ਹੈ। ਫਰਵਰੀ ਵਿੱਚ ਤਲਵੰਡੀ ਸਾਬੋ ਵਿੱਚ 555.49 ਮੀਟ੍ਰਿਕ ਟਨ ਕੋਲਾ ਆਇਆ ਸੀ ਪਰ ਮਾਰਚ ਵਿੱਚ 25 ਮਾਰਚ ਤੱਕ ਕੋਲੇ ਦੀ ਆਮਦ ਮਹਿਜ਼ 201.88 ਮੀਟ੍ਰਿਕ ਟਨ ਰਹਿ ਗਈ ਹੈ। ਫਰਵਰੀ ਵਿੱਚ ਰਾਜਪੁਰਾ ਵਿੱਚ 485.9 ਮੀਟ੍ਰਿਕ ਟਨ ਕੋਲਾ ਸੁਰੱਖਿਅਤ ਹੋ ਸਕਿਆ ਸੀ ਪਰ ਮਾਰਚ ਵਿੱਚ ਸਿਰਫ 130.91 ਮੀਟ੍ਰਿਕ ਟਨ ਕੋਲਾ ਆਇਆ। ਗੋਇੰਦਵਾਲ ਵਿਖੇ ਕੋਲੇ ਦੀ ਆਮਦ ਫਰਵਰੀ ਵਿੱਚ 109.1 ਮੀਟ੍ਰਿਕ ਟਨ ਤੋਂ ਘਟ ਕੇ ਮਾਰਚ ਵਿੱਚ 25.56 ਮੀਟ੍ਰਿਕ ਟਨ ਰਹਿ ਗਈ ਹੈ। ਸਰਕਾਰੀ ਮਾਲਕੀ ਵਾਲੇ ਥਰਮਲ ਪਲਾਂਟਾਂ ਵਿੱਚ, ਅਧਿਕਾਰੀਆਂ ਨੂੰ ਕੋਲੇ ਦਾ ਸਟਾਕ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਕਿਉਂਕਿ ਲਹਿਰਾ ਵਿੱਚ ਫਰਵਰੀ ਵਿੱਚ 106.95 ਮੀਟ੍ਰਿਕ ਟਨ ਤੋਂ ਮਾਰਚ ਵਿੱਚ 28.81 ਮੀਟ੍ਰਿਕ ਟਨ ਅਤੇ ਰੋਪੜ ਥਰਮਲ ਪਲਾਂਟਾਂ ਵਿੱਚ 129.72 ਮੀਟ੍ਰਿਕ ਟਨ ਤੋਂ ਘੱਟ ਕੇ 49.48 ਮੀਟ੍ਰਿਕ ਟਨ ਰਹਿ ਗਈ ਹੈ। ਰਿਪੋਰਟ : ਗਗਨਦੀਪ ਆਹੂਜਾ ਇਹ ਵੀ ਪੜ੍ਹੋ : ਅਜਿਹਾ ਮੰਦਿਰ ਜਿੱਥੇ ਮੁਸਲਿਮ ਮਰਦ-ਔਰਤਾਂ ਵੀ ਨਤਮਸਤਕ ਹੁੰਦੇ ਨੇ, ਕਾਰਨ ਜਾਣ ਕੇ ਤੁਸੀਂ ਵੀ ਚੌਂਕ ਜਾਓਗੇ