ਕੋਲਾ ਸੰਕਟ : ਪੰਜਾਬ ਪਾਵਰਕਾਮ ਨੇ ਬਾਹਰ ਤੋਂ ਮਹਿੰਗੇ ਭਾਅ 'ਚ ਖ਼ਰੀਦੀ ਬਿਜਲੀ
ਚੰਡੀਗੜ੍ਹ : ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਪੰਜਾਬ ਦੇ ਨਿੱਜੀ ਪਾਵਰ ਪਲਾਂਟਾਂ ਵਿੱਚ ਕੋਲੇ ਦੇ ਸੰਕਟ ਨੇ ਬਿਜਲੀ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਹੈ। ਗਰਮੀ ਵਿੱਚ ਬਿਜਲੀ ਦੀ ਵਧੀ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੇ ਬਾਹਰ ਤੋਂ ਮਹਿੰਗੀ ਬਿਜਲੀ ਖ਼ਰੀਦਣੀ ਸ਼ੁਰੂ ਕਰ ਦਿੱਤੀ ਹੈ। ਗਰਮੀ ਦੇ ਸ਼ੁਰੂਆਤ ਵਿੱਚ ਅਜਿਹੇ ਹਾਲਾਤ ਬਣਨ ਨਾਲ ਆਉਣ ਵਾਲੇ ਦਿਨਾਂ ਵਿੱਚ ਸੰਕਟ ਹੋਰ ਵੱਧ ਸਕਦਾ ਹੈ। ਐਤਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 7622 ਮੈਗਾਵਾਟ ਦਰਜ ਕੀਤੀ ਗਈ। ਇਸ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੇ ਬਾਹਰ ਤੋਂ ਕਰੀਬ 3400 ਮੈਗਾਵਾਟ ਬਿਜਲੀ ਖ਼ਰੀਦੀ ਹੈ ਜੋ ਕਿ ਕਾਫੀ ਚਿੰਤਾ ਦਾ ਵਿਸ਼ਾ ਹੈ। ਕੋਲੇ ਦੇ ਇਸ ਸੰਕਟ ਨੂੰ ਰੂਸ ਤੇ ਯੂਕਰੇਨ ਵਿੱਚ ਲੱਗੀ ਜੰਗ ਨੂੰ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਬਿਜਲੀ ਪਾਰਵਕਾਮ ਨੂੰ ਸੱਤ ਰੁਪਏ ਪ੍ਰਤੀ ਯੂਨਿਟ ਦੇ ਰੇਟ ਨਾਲ ਮਿਲੀ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਅਤੇ ਰੂਸ ਦੇ ਵਿਚਕਾਰ ਯੁੱਧ ਕਾਰਨ ਬਾਹਰ ਤੋਂ ਬਰਾਮਦ ਹੋਣ ਵਾਲਾ ਕੋਲਾ ਮਹਿੰਗਾ ਹੋ ਗਿਆ ਹੈ। ਅਜਿਹੇ ਵਿੱਚ ਸਰਕਾਰੀ ਸਣੇ ਪ੍ਰਾਈਵੇਟ ਥਰਮਲ ਦੀ ਨਿਰਭਰਤਾ ਕੋਲ ਇੰਡੀਆ ਉਤੇ ਵੱਧਣ ਨਾਲ ਸਪਲਾਈ ਵਿੱਚ ਕਮੀ ਆਈ ਹੈ। ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਰੋਪੜ ਅਤੇ ਲਹਿਰਾ ਮੁਹੱਬਤ ਵਿੱਚ ਐਤਵਾਰ ਨੂੰ 18-18 ਦਿਨ ਦਾ ਕੋਲਾ ਬਾਕੀ ਸੀ। ਉਥੇ ਪ੍ਰਾਈਵੇਟ ਵਿੱਚ ਤਲਵੰਡੀ ਸਾਬੋ ਵਿੱਚ ਸਿਰਫ ਡੇਢ ਦਿਨ, ਗੋਇੰਦਵਾਲ ਸਾਹਿਬ ਵਿੱਚ ਦੋ ਦਿਨ ਅਤੇ ਰਾਜਪੁਰਾ ਪਲਾਂਟ ਵਿੱਚ 7 ਦਿਨਾਂ ਦਾ ਕੋਲਾ ਬਚਿਆ ਸੀ। ਨਿਯਮਾਂ ਮੁਤਾਬਕ ਥਰਮਲ ਪਲਾਂਟ ਵਿੱਚ 25 ਤੋਂ 30 ਦਿਨ ਦਾ ਕੋਲਾ ਹੋਣਾ ਜ਼ਰੂਰੀ ਹੈ। ਇਸ ਕੋਲਾ ਸੰਕਟ ਕਾਰਨ ਤਲਵੰਡੀ ਸਾਬੋ ਅਤੇ ਗੋਇੰਦਵਾਲ ਨੇ ਆਪਣੇ ਯੂਨਿਟ ਬੰਦ ਕਰ ਦਿੱਤੇ ਹਨ। ਕੋਲੇ ਦੇ ਸੰਕਟ ਨੇ ਪਾਰਵਕਾਮ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਰੋਪੜ ਦੇ ਚਾਰ ਵਿੱਚੋਂ ਦੋ ਯੂਨਿਟ ਤੇ ਲਹਿਰਾ ਮੁਹੱਬਤ ਦੇ ਚਾਰ 'ਚੋਂ ਇੱਕ ਯੂਨਿਟ ਚਾਲੂ ਹਨ। ਕੋਲ ਇੰਡੀਆ ਤੋਂ ਕੋਲੇ ਦੀ ਸਪਲਾਈ 'ਚ ਕਮੀ ਹੈ ਤੇ ਅਜਿਹੇ 'ਚ ਜਦੋਂ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ 'ਚ ਬਿਜਲੀ ਦੀ ਮੰਗ ਆਪਣੇ ਸਿਖਰ 'ਤੇ ਹੋਵੇਗੀ ਤਾਂ ਇਹ ਕੋਲਾ ਕੰਮ ਆਵੇਗਾ। ਇਸ ਨਾਲ ਗਰਮੀ ਵਿੱਚ ਲੋਕਾਂ ਨੂੰ ਬਿਜਲੀ ਕਾਰਨ ਪਰੇਸ਼ਾਨੀ ਆਉਣ ਦੀ ਸੰਭਾਵਨਾ ਬਣ ਰਹੀ ਹੈ। ਪਾਵਰਕਾਮ ਨੂੰ ਇਸ ਸਮੇਂ ਆਪਣੇ ਥਰਮਲ ਤੋਂ 552 ਮੈਗਾਵਾਟ, ਨਿੱਜੀ ਪਲਾਂਟਾਂ ਤੋਂ 2732 ਮੈਗਾਵਾਟ, ਹਾਈਡਲ ਪ੍ਰੋਜੈਕਟਾਂ ਤੋਂ 226 ਮੈਗਾਵਾਟ ਤੇ ਸੋਲਰ ਅਤੇ ਗੈਰ-ਸੂਰਜੀ ਪ੍ਰੋਜੈਕਟਾਂ ਤੋਂ 68 ਮੈਗਾਵਾਟ ਭਾਵ ਕੁੱਲ ਮਿਲਾ ਕੇ 3578 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਐਤਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 6200 ਮੈਗਾਵਾਟ ਨੂੰ ਪਾਰ ਕਰ ਗਈ। ਸਵੇਰੇ 11 ਵਜੇ ਸਭ ਤੋਂ ਵੱਧ 7622 ਮੈਗਾਵਾਟ ਬਿਜਲੀ ਦੀ ਮੰਗ ਦਰਜ ਕੀਤੀ ਗਈ। ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੇ ਕਰੀਬ 2700 ਮੈਗਾਵਾਟ 7 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਾਹਰੋਂ ਬਿਜਲੀ ਖ਼ਰੀਦੀ। ਇਸ ਸਬੰਧੀ ਸੀਐਮਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਜਲਦੀ ਹੀ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਘਾਟ ਨੂੰ ਈ-ਨਿਲਾਮੀ ਰਾਹੀਂ ਜਾਂ ਬਾਹਰੋਂ ਕੋਲਾ ਮੰਗਵਾ ਕੇ ਪੂਰਾ ਕੀਤਾ ਜਾਵੇਗਾ। ਇਹ ਵੀ ਪੜ੍ਹੋ : Vidhan Sabha Session Live Updates: ਵਿਧਾਨ ਸਭਾ ਇਜਲਾਸ ਦਾ ਦੂਜਾ ਦਿਨ, ਕੁਲਤਾਰ ਸਿੰਘ ਸੰਧਵਾਂ ਸਰਬਸੰਮਤੀ ਨਾਲ ਸਪੀਕਰ ਨਿਯੁਕਤ