ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 1 ਅੱਤਵਾਦੀ ਢੇਰ
Jammu and Kashmir news: ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਨਦੀਗਾਮ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਹੈ। ਅਜੇ ਵੀ ਇਲਾਕੇ 'ਚ ਇਕ ਤੋਂ ਦੋ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ। ਪੁਲਿਸ ਨੇ ਵੀ ਇਕ ਅੱਤਵਾਦੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਸ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ 'ਚ ਲੁਕੇ ਅੱਤਵਾਦੀ ਸਥਾਨਕ ਹਨ। ਇਸ ਦਾ ਸਬੰਧ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਸਬੰਧੀ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪੁਲਿਸ, ਸੈਨਾ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਅੱਤਵਾਦੀਆਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੁਰੱਖਿਆ ਬਲਾਂ ਦੀ ਤਲਾਸ਼ੀ ਮੁਹਿੰਮ ਦੌਰਾਨ ਮੁਕਾਬਲਾ ਸ਼ੁਰੂ ਹੋਇਆ। ਦੱਸ ਦੇਈਏ ਕਿ ਸੁਰੱਖਿਆ ਬਲਾਂ ਦੀ ਇਹ ਟੀਮ ਇਲਾਕੇ 'ਚ ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ 'ਤੇ ਪਹੁੰਚੀ ਸੀ। ਨਦੀਗਾਮ ਪਹੁੰਚ ਕੇ ਜਿਵੇਂ ਹੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕੀਤੀ ਤਾਂ ਇਕ ਘਰ 'ਚ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਨੇੜੇ ਆਉਂਦੇ ਦੇਖ ਕੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਸ਼ਮੀਰ ਪੁਲਿਸ ਦੇ ਇੱਕ ਅਧਿਕਾਰੀ ਨੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਸ਼ੁਰੂ ਹੋਏ ਮੁਕਾਬਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਘੇਰਾਬੰਦੀ ਵਿੱਚ ਫਸੇ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਜਾ ਰਿਹਾ ਹੈ। ਫਿਲਹਾਲ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਦਾ ਸਿਲਸਿਲਾ ਜਾਰੀ ਹੈ। ਇਥੇ ਪੜ੍ਹੋ ਹੋਰ ਖ਼ਬਰਾਂ: ਪੰਜਾਬ 'ਚ ਛਾਏ ਬੱਦਲ, 3-4 ਫਰਵਰੀ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ: -PTC News