ਚੰਡੀਗੜ੍ਹ ਦੇ ਡੀਏਵੀ ਕਾਲਜ ਵਿੱਚ ਵਿਦਿਆਰਥੀ ਧੜਿਆਂ ਵਿੱਚ ਝੜਪ
ਚੰਡੀਗੜ੍ਹ, 22 ਸਤੰਬਰ: ਸਿਟੀ ਬਿਊਟੀਫੁਲ ਦੇ ਸੈਕਟਰ-10 ਸਥਿਤ ਡੀਏਵੀ ਕਾਲਜ ਵਿੱਚ ਬੁੱਧਵਾਰ ਨੂੰ ਵਿਦਿਆਰਥੀਆਂ ਦੇ ਦੋ ਧੜਿਆਂ ਵਿੱਚ ਝੜਪ ਹੋ ਗਈ। ਲੜਾਈ 'ਚ ਦੋ ਨੌਜਵਾਨਾਂ ਦੇ ਸਿਰ 'ਤੇ ਸੱਟਾਂ ਲੱਗੀਆਂ। ਇਹ ਝਗੜਾ ਚੋਣਾਵੀ ਰੰਜਿਸ਼ ਅਤੇ ਚੋਣ ਪ੍ਰਚਾਰ ਲਈ ਬਾਹਰਲੇ ਨੌਜਵਾਨਾਂ ਨੂੰ ਬੁਲਾਉਣ ਨੂੰ ਲੈ ਕੇ ਹੋਇਆ। ਲੜਾਈ ਵਿੱਚ ਸ਼ਾਮਲ ਵਿਦਿਆਰਥੀ ਸੰਗਠਨ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI) ਅਤੇ ਹਿੰਦੁਸਤਾਨ ਸਟੂਡੈਂਟਸ ਐਸੋਸੀਏਸ਼ਨ (HSA) ਨਾਲ ਜੁੜੇ ਦੱਸੇ ਜਾਂਦੇ ਹਨ। ਕਾਲਜ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਸੰਘਰਸ਼ ਵਿੱਚ ਸ਼ਾਮਲ ਪੰਜ ਵਿਦਿਆਰਥੀਆਂ ਦੇ ਦਾਖ਼ਲੇ ਰੱਦ ਕਰ ਦਿੱਤੇ ਹਨ। ਚੋਣ ਪ੍ਰਚਾਰ ਦੌਰਾਨ ਮੰਗਲਵਾਰ ਨੂੰ SOI ਅਤੇ HSA ਵਿਦਿਆਰਥੀਆਂ ਵਿਚਾਲੇ ਝੜਪ ਹੋ ਗਈ। ਦੋਵੇਂ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਦੂਜੇ ’ਤੇ ਕਾਲਜ ਕੈਂਪਸ ਵਿੱਚ ਚੋਣ ਪ੍ਰਚਾਰ ਲਈ ਬਾਹਰਲੇ ਨੌਜਵਾਨਾਂ ਨੂੰ ਸੱਦਣ ਦੇ ਦੋਸ਼ ਲਾਏ। ਇਹ ਇਲਜ਼ਾਮ ਲੱਗੇ ਨੇ ਕਿ HSA ਨਾਲ ਸਬੰਧਤ ਵਿਦਿਆਰਥੀਆਂ ਨੇ ਕਾਲਜ ਦੇ ਬਾਹਰ SOI ਦੇ ਇੱਕ ਲੜਕੇ ਦੀ ਕੁੱਟਮਾਰ ਕੀਤੀ। ਇਸ ਦੌਰਾਨ ਪੁਲਿਸ ਨੇ ਦੋਵਾਂ ਧੜਿਆਂ ਨੂੰ ਖਦੇੜ ਦਿੱਤਾ। ਇਸ ਤੋਂ ਬਾਅਦ ਬੁੱਧਵਾਰ ਨੂੰ ਇੱਕ ਵਾਰ ਫਿਰ ਕਾਲਜ ਦੇ ਅਹਾਤੇ ਵਿੱਚ ਦੋਵਾਂ ਜਥੇਬੰਦੀਆਂ ਦੇ ਵਿਦਿਆਰਥੀ ਆਪਸ ਵਿੱਚ ਭਿੜ ਗਏ ਅਤੇ SOI ਦੇ ਵਿਦਿਆਰਥੀਆਂ ਨੇ HSA ਦੇ ਦੋ ਵਿਦਿਆਰਥੀਆਂ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ। ਕਾਲਜ ਵਿਦਿਆਰਥੀਆਂ ਮੁਤਾਬਕ ਹਰ ਸਾਲ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਤੋਂ ਪਹਿਲਾਂ HSA ਅਤੇ SOI ਵਿੱਚ ਬਹਿਸ ਅਤੇ ਲੜਾਈ ਹੁੰਦੀ ਹੈ। ਦੋਵਾਂ ਧੜਿਆਂ ਵਿਚਕਾਰ ਕਦੇ ਕੋਈ ਸਮਝੌਤਾ ਨਹੀਂ ਹੋਇਆ। ਇਹ ਵੀ ਪੜ੍ਹੋ: ਕਿਸਾਨਾਂ ਨੇ ਰੇਲ ਪਟੜੀਆਂ 'ਤੇ ਧਰਨਾ ਦੇ ਕੇ 'ਆਪ' ਸਰਕਾਰ ਖ਼ਿਲਾਫ਼ ਕੱਢੀ ਭੜਾਸ ਦੂਜੇ ਪਾਸੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਪਵਨ ਸ਼ਰਮਾ ਨੇ ਬੁੱਧਵਾਰ ਨੂੰ ਹਮਲੇ ਦੀ ਵੀਡੀਓ ਫੁਟੇਜ ਦੇ ਆਧਾਰ ’ਤੇ ਹਮਲੇ ਵਿੱਚ ਸ਼ਾਮਲ ਪੰਜ ਵਿਦਿਆਰਥੀਆਂ ਦੇ ਦਾਖ਼ਲੇ ਰੱਦ ਕਰ ਦਿੱਤੇ ਹਨ। ਪ੍ਰਿੰਸੀਪਲ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਕਾਲਜ ਵਿੱਚ ਸਾਥੀ ਵਿਦਿਆਰਥੀਆਂ ਨੂੰ ਠੇਸ ਪਹੁੰਚਾਉਣ ਅਤੇ ਹਿੰਸਾ ਕਰਨ ਦੇ ਦੋਸ਼ ਵਿੱਚ ਪੰਜ ਵਿਦਿਆਰਥੀਆਂ ਦਾ ਦਾਖ਼ਲਾ ਰੱਦ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਕਾਲਜ ਵਿੱਚ ਪੰਜੇ ਨੌਜਵਾਨਾਂ ਦੇ ਦਾਖ਼ਲੇ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। -PTC News