ਹੱਡਾਰੋੜੀ ਦੇ ਵਿਵਾਦ ਨੂੰ ਲੈ ਕੇ ਪੁਲਿਸ ਤੇ ਪਿੰਡ ਵਾਸੀਆਂ 'ਚ ਝੜਪ
ਬਠਿੰਡਾ : ਬਠਿੰਡਾ ਦੇ ਮੌੜ ਮੰਡੀ ਦੇ ਪਿੰਡ ਘੁੰਮਣ ਕਲਾਂ ਵਿਚ ਹੱਡਾਰੋੜੀ ਨੂੰ ਲੈ ਕੇ ਅੱਜ ਮਾਹੌਲ ਤਣਾਅਪੂਰਨ ਹੋ ਗਿਆ। ਹੱਡਾਰੋੜੀ ਨੂੰ ਲੈ ਕੇ ਘੁੰਮਣ ਕਲਾ ਦੋ ਧੜੇ ਅੱਜ ਆਹਮੋ-ਸਾਹਮਣੇ ਆ ਗਏ। ਦੋਵੇਂ ਧੜਿਆਂ ਦੇ ਸਮਰਥਕਾਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮਿਣਤੀ ਕਰਨ ਪੁੱਜੀ ਪੁਲਿਸ ਤੇ ਪਿੰਡ ਵਾਸੀਆਂ ਵਿਚਕਾਰ ਹੱਥੋਪਾਈ ਹੋ ਗਈ। ਇਸ ਪਿੱਛੋਂ ਪੁਲਿਸ ਨੇ ਲੋਕਾਂ ਉਤੇ ਲਾਠੀਚਾਰਜ ਕਰ ਦਿੱਤਾ ਤੇ ਕੁਝ ਪਿੰਡ ਵਾਸੀਆਂ ਨੂੰ ਹਿਰਾਸਤ ਵਿਚ ਵੀ ਲਿਆ। ਜਾਣਕਾਰੀ ਦੇ ਅਨੁਸਾਰ ਪਿੰਡ ਘੁੰਮਣ ਕਲਾਂ ਵਿਖੇ ਹੱਡਾਰੋੜੀ ਨੂੰ ਲੈ ਕੇ ਦੋ ਧੜਿਆਂ ਵਿਚ ਵੰਡਿਆ ਹੋਇਆ ਸੀ ਤੇ ਮਾਮਲਾ ਕਈ ਦਿਨਾਂ ਤੋਂ ਸਰਗਰਮ ਸੀ। ਇਕ ਧਿਰ ਪਹਿਲਾਂ ਵਾਲੀ ਜਗ੍ਹਾ ਉਤੇ ਹੱਡਾਰੋੜੀ ਬਣਾਉਣਾ ਚਾਹੁੰਦੀ ਸੀ ਜਿਥੇ ਹੁਣ ਪੰਚਾਇਤ ਵੱਲੋਂ ਬੱਚਿਆਂ ਦੇ ਖੇਡਣ ਲਈ ਸਟੇਡੀਅਮ ਬਣਾ ਦਿੱਤਾ ਗਿਆ ਪਰ ਇਥੇ ਆਸ-ਪਾਸ ਰਹਿੰਦੇ ਲੋਕ ਹੁਣ ਇਥੇ ਦੁਬਾਰਾ ਹੱਡਾਰੋੜੀ ਬਣਾਉਣ ਦਾ ਵਿਰੋਧ ਕਰ ਰਹੇ ਸਨ ਜਿਸ ਕਰਕੇ ਦੋਵੇਂ ਧਿਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਅੱਜ ਪੁਲਿਸ ਪ੍ਰਸ਼ਾਸਨ ਹੱਡਾਰੋੜੀ ਵਾਲੀ ਜਗਾ ਦੀ ਮਿਣਤੀ ਕਰਨ ਪੁੱਜਿਆ ਹੋਇਆ ਸੀ ਜਿੱਥੇ ਵਾਸੀਆਂ ਤੇ ਪੁਲਿਸ ਪ੍ਰਸ਼ਾਸਨ 'ਚ ਤਣਾਅ ਪੈਦਾ ਹੋ ਗਿਆ, ਜਿਸ ਦੌਰਾਨ ਪੁਲਿਸ ਮੁਲਾਜ਼ਮਾਂ ਤੇ ਪਿੰਡ ਵਾਸੀਆਂ 'ਚ ਹੱਥੋਪਾਈ ਹੋ ਗਈ। ਇਹ ਵੀ ਪੜ੍ਹੋ : ਸ਼ੂਗਰ ਮਿੱਲ ਫਗਵਾੜਾ ਦੀ ਸਾਰੀ ਚੱਲ ਤੇ ਅਚੱਲ ਜਾਇਦਾਦ ਕੁਲੈਕਟਰ ਕਪੂਰਥਲਾ ਦੇ ਹੱਕ 'ਚ ਅਟੈਚ ਇਸ ਝਗੜੇ ਦੌਰਾਨ ਪੀੜਤ ਪਿੰਡ ਵਾਸੀਆਂ ਵਿੱਚੋਂ ਇਸ ਮਾਮਲੇ 'ਚ ਪਰੇਸ਼ਾਨ ਇਕ ਬਜ਼ੁਰਗ ਪਤੀ-ਪਤਨੀ ਨੇ ਪੁਲਿਸ ਦੀ ਹਾਜ਼ਰੀ 'ਚ ਜ਼ਹਿਰੀਲੀ ਵਸਤੂ ਨਿਗਲ ਲਈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਪਿੰਡ ਵਾਸੀਆਂ ਨੇ ਰੋਸ ਵਿਚ ਬਠਿੰਡਾ-ਮਾਨਸਾ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਵਾਸੀਆਂ ਉਤੇ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ। ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੱਡਾਰੋੜੀ ਬਣਾਉਣਾ ਚਾਹੁੰਦੇ ਹਨ ਜਿੱਥੇ ਉਨ੍ਹਾਂ ਦੇ ਬੱਚੇ ਖੇਡਦੇ ਹਨ। ਇਸ ਝੜਪ ਦੌਰਾਨ ਲੋਕਾਂ ਨੇ ਡੀਐਸਪੀ ਮੌੜ ਬਲਜੀਤ ਸਿੰਘ ਦੀ ਗੱਡੀ ਦੀ ਵੀ ਭੰਨਤੋੜ ਕੀਤੀ। ਉਧਰ ਦੂਜੇ ਪਾਸੇ ਬਠਿੰਡਾ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਉਤੇ ਪਥਰਾਅ ਕੀਤਾ ਗਿਆ ਇਸ ਕਾਰਨ ਪਿੰਡ ਵਾਸੀਆਂ ਉਤੇ ਕਾਰਵਾਈ ਕੀਤੀ ਜਾ ਰਹੀ ਹੈ, ਜਦੋਂ ਕਿ ਪੁਲਿਸ ਅਧਿਕਾਰੀਆਂ ਨੇ ਪਿੰਡ ਦੇ ਬਜ਼ੁਰਗ ਜੋੜੇ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਦੇ ਮਾਮਲੇ 'ਚ ਅਣਜਾਣਤਾ ਜ਼ਾਹਿਰ ਕੀਤੀ। -PTC News