ਅੰਮ੍ਰਿਤਸਰ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਸਮਾਪਤ, ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਹਲਾਕ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਅਟਾਰੀ ਦੇ ਪਿੰਡ ਭਕਨਾ ’ਚ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲੇ ਸ਼ੁਰੂ ਹੋ ਗਿਆ। ਪਿੰਡ ਭਕਨਾ ਨੇੜੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲੇ ਦੌਰਾਨ ਦੋ ਗੈਂਗਸਟਰ ਹਲਾਕ ਹੋ ਗਏ ਹਨ। ਮੁਕਾਬਲੇ ਦੌਰਾਨ ਤਿੰਨ ਪੁਲਿਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਪੁਲਿਸ ਮੁਤਾਬਕ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਲਈ ਲੋੜੀਂਦੇ ਗੈਂਗਸਟਰ ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਲੁਕੇ ਹੋਏ ਸਨ। ਇਹ 4 ਗੈਂਗਸਟਰ ਬੰਦ ਘਰ ਵਿੱਚ ਹਥਿਆਰਾਂ ਸਮੇਤ ਲੁਕੇ ਹੋਏ ਸਨ। ਪੁਲਿਸ ਨੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੈਂਗਸਟਰਾਂ ਨੇ ਪੁਲਿਸ ਉਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਵਿੱਚ ਦੋ ਗੈਂਗਸਟਰ ਹਲਾਕ ਹੋ ਗਏ। ਇਸ ਦੌਰਾਨ ਪੁਲਿਸ ਦੇ ਤਿੰਨ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਸਵੇਰੇ 10.30 ਸ਼ੁਰੂ ਹੋਇਆ ਪੁਲਿਸ ਮੁਕਾਬਲਾ ਲਗਭਗ ਸਾਢੇ ਚਾਰ ਵਜੇ ਸਮਾਪਤ ਹੋਇਆ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਮੁਕਾਬਲੇ ਵਿਚ ਭਾਰੀ ਗੋਲੀਬਾਰੀ ਹੋਈ ਜਿਸ ਦੌਰਾਨ ਸਿੱਧੂ ਮੂਸੇਵਾਲਾ ਕੇਸ ਵਿੱਚ ਸ਼ਾਮਲ 2 ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮਾਰੇ ਗਏ। ਇਸ ਦੌਰਾਨ ਏਕੇ 47 ਅਤੇ ਇੱਕ ਪਿਸਤੌਲ ਬਰਾਮਦ ਕੀਤੀ ਗਈ ਹੈ। ਇਸ ਗੋਲਾਬਾਰੀ ਦੌਰਾਨ 3 ਪੁਲਿਸ ਅਧਿਕਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਜਾਣਕਾਰੀ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਕਾਤਲ ਨਾਮੀ ਗੈਂਗਸਟਰ ਜਗਰੂਪ ਰੂਪਾ, ਮੰਨੂ ਤੇ ਪੁਲਿਸ ਵਿਚਾਲੇ ਗੋਲੀਬਾਰੀ ਹੋਈ। ਗੁਪਤ ਸੂਚਨਾ ਦੇ ਆਧਾਰ ਉਤੇ ਪਹੁੰਚੀ ਪੁਲਿਸ ਪਾਰਟੀ ਤੇ ਗੈਂਗਸਟਰਾਂ ਵੱਲੋਂ ਗੋਲੀ ਚਲਾਈ ਗਈ ਉਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਜਾਣਕਾਰੀ ਅਨੁਸਾਰ ਚਾਰ ਐਬੂਲੈਂਸ ਮੌਕੇ ਉੱਤੇ ਪਹੁੰਚੀਆਂ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਅਤੇ ਕਮਾਂਡੋ ਪੁੱਜ ਗਏ ਸਨ।
ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੰਤਰ-ਮੰਤਰ 'ਤੇ ਵੱਡਾ ਰੋਸ ਪ੍ਰਦਰਸ਼ਨ