ਚਰਚ 'ਤੇ ਹਮਲਾ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਵਿਗੜ ਰਹੀ ਸਥਿਤੀ ਨੂੰ ਦਰਸਾਉਂਦਾ: ਵੜਿੰਗ ਤੇ ਬਾਜਵਾ
ਚੰਡੀਗੜ੍ਹ, 2 ਸਤੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਖੇਤਰ ਦੇ ਪਿੰਡ ਠੱਕਰਪੁਰਾ ਵਿਖੇ ਚਰਚ ਦਾ ਦੌਰਾ ਕੀਤਾ, ਜਿੱਥੇ 30 ਅਗਸਤ ਦੀ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਵੜਿੰਗ ਅਤੇ ਬਾਜਵਾ ਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਵੀ ਮੌਜੂਦ ਸਨ। ਵੜਿੰਗ ਅਤੇ ਬਾਜਵਾ ਨੇ ਸੂਬੇ ਵਿੱਚ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮ ਰਹਿਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕੀਤੀ ਹੈ। ਵੜਿੰਗ ਅਤੇ ਬਾਜਵਾ ਨੇ ਪੱਟੀ ਇਲਾਕੇ ਦੇ ਪਿੰਡ ਠੱਕਰਪੁਰਾ 'ਚ ਮੰਗਲਵਾਰ ਰਾਤ ਨੂੰ ਵਾਪਰੀ ਘਟਨਾ ਦਾ ਜ਼ਿਕਰ ਕਰਦੇ ਹੋਏ, ਜਦੋੰ ਚਾਰ ਨਕਾਬਪੋਸ਼ ਵਿਅਕਤੀਆਂ ਨੇ ਨਾ ਸਿਰਫ ਮਦਰ ਮੈਰੀ ਅਤੇ ਈਸਾ ਮਸੀਹ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਸਗੋਂ ਚਰਚ ਦੇ ਪਾਦਰੀ ਦੀ ਕਾਰ ਨੂੰ ਵੀ ਸਾੜ ਦਿੱਤਾ, ਦਾ ਜਿਕਰ ਕਰਦਿਆਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਦਾ ਵੀ ਇੰਚਾਰਜ ਹੈ, ਦੀ ਅਗਵਾਈ ਹੇਠ ਕਾਨੂੰਨ ਵਿਵਸਥਾ ਦੀ ਸਭ ਤੋਂ ਵੱਡੀ ਅਸਫਲਤਾ ਹੈ। ਜਿਸ 'ਤੇ ਵੜਿੰਗ ਅਤੇ ਬਾਜਵਾ ਨੇ ਮੰਗ ਕੀਤੀ ਕਿ ਉਕਤ ਘਟਨਾ ਦੀ ਜਾਂਚ ਆਈ.ਜੀ. ਤੋਂ ਹੇਠਾਂ ਨਾ ਹੋਣ ਵਾਲੇ ਕਿਸੇ ਅਧਿਕਾਰੀ ਦੀ ਅਗਵਾਈ ਵਾਲੀ ਐਸ.ਆਈ.ਟੀ. ਤੋਂ ਕਰਵਾਈ ਜਾਵੇ ਤੇ ਅਜਿਹੀਆਂ ਘਟਨਾਵਾਂ ਪਿੱਛੇ ਸਾਜ਼ਿਸ਼ ਰਚਣ ਵਾਲਿਆਂ ਦੇ ਚਿਹਰੇ ਬੇਨਕਾਬ ਕੀਤੇ ਜਾਣ, ਤਾਂ ਜੋ ਫਿਰਕੂ ਤਾਕਤਾਂ ਦੇ ਮਨਸੂਬਿਆਂ ਨੂੰ ਨੱਥ ਪਾਈ ਜਾ ਸਕੇ। ਵੜਿੰਗ ਅਤੇ ਬਾਜਵਾ ਨੇ ਕਿਹਾ ਕਿ ਹਾਲ ਹੀ ਵਿੱਚ ਹਰਿਆਣਾ ਦੇ ਹਿਸਾਰ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਤੋਂ ਪੰਜਾਬ ਨੂੰ ਵੀ ਸੁਚੇਤ ਹੋਣਾ ਚਾਹੀਦਾ ਸੀ ਕਿਉਂਕਿ ਇਨ੍ਹਾਂ ਕਾਰਨਾਮਿਆਂ ਨਾਲ ਪੰਜਾਬ ਵਿੱਚ ਵੀ ਫਿਰਕੂ ਤਣਾਅ ਪੈਦਾ ਹੋਣ ਦਾ ਖਦਸ਼ਾ ਹੈ। ਵੜਿੰਗ ਅਤੇ ਬਾਜਵਾ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਪਹਿਲਾਂ ਹੀ ਤਜਰਬੇ ਦੀ ਘਾਟ ਆਪਣਾ ਅਸਰ ਦਿਖ ਰਿਹਾ ਹੈ, ਜਿਸਨੂੰ ਇਹ ਨਹੀਂ ਪਤਾ ਕਿ ਅਜਿਹੀਆਂ ਘਟਨਾਵਾਂ ਨੂੰ ਕਿਵੇਂ ਰੋਕਿਆ ਜਾਵੇ, ਜੋ ਖੇਤਰ ਵਿਚ ਫਿਰਕੂ ਤਣਾਅ ਦਾ ਮੁੱਖ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਅਜੇ ਤੱਕ ਨਹੀਂ ਭੁੱਲੇ ਹਨ ਕਿ ਜਦੋਂ ਇਸ ਸਾਲ 29 ਅਪ੍ਰੈਲ ਨੂੰ ਪਟਿਆਲਾ ਵਿੱਚ ਅਜਿਹੇ ਹਾਲਾਤ ਪੈਦਾ ਹੋਣ ਦਿੱਤੇ ਗਏ ਸਨ। ਇਸ ਘਟਨਾ ਤੋਂ ਨਿਰਾਸ਼ ਪੰਜਾਬ ਸਰਕਾਰ ਨੇ ਦੋ ਭਾਈਚਾਰਿਆਂ ਦਰਮਿਆਨ ਫਿਰਕੂ ਤਣਾਅ ਨੂੰ ਮਾੜੇ ਤੋਂ ਬਦਤਰ ਹੋਣ ਤੋਂ ਰੋਕਣ ਲਈ ਪਟਿਆਲਾ ਜ਼ਿਲ੍ਹੇ ਵਿੱਚ ਕਰਫਿਊ ਲਗਾ ਦਿੱਤਾ ਹੈ। ਵੜਿੰਗ ਅਤੇ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਸਿਖਰ ਦੇ ਬਾਵਜੂਦ ਸ਼ਾਂਤੀ ਲਈ ਇੰਨਾ ਵੱਡਾ ਖਤਰਾ ਪੈਦਾ ਨਹੀਂ ਹੋਇਆ ਸੀ। ਵੜਿੰਗ ਅਤੇ ਬਾਜਵਾ ਨੇ ਮੰਗ ਕੀਤੀ ਕਿ ਪੱਟੀ ਵਿੱਚ ਵਾਪਰੀ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਸਮੇਂ ਸਿਰ ਰੋਕਿਆ ਜਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਕਾਰਨ ਪੈਦਾ ਹੋਣ ਵਾਲੇ ਹਾਲਾਤ ਪੰਜਾਬ ਵਿੱਚ ਮਜ਼ਬੂਤ ਆਪਸੀ ਭਾਈਚਾਰਕ ਸਾਂਝ ਲਈ ਵੱਡੀ ਚੁਣੌਤੀ ਬਣ ਸਕਦੇ ਹਨ। -PTC News