ਮਸੀਹੀ ਅਨੁਯਾਈਆਂ ਵੱਲੋਂ ਸ਼ਾਂਤੀ ਅਤੇ ਸਦਭਾਵਨਾ ਲਈ ਕੈਂਡਲ ਲਾਈਟ ਪ੍ਰਾਰਥਨਾ ਸਭਾਵਾਂ ਆਯੋਜਤ
ਅੰਮ੍ਰਿਤਸਰ, 3 ਸਤੰਬਰ: ਮਸੀਹੀ ਮਹਾਸਭਾ (ਐੱਮ.ਐੱਮ.ਐੱਸ.) ਦੇ ਫੈਸਲੇ ਨੂੰ ਧਿਆਨ 'ਚ ਰੱਖਦੇ ਹੋਏ ਰੋਮਨ ਕੈਥੋਲਿਕ ਚਰਚ, ਚਰਚ ਆਫ ਨਾਰਥ ਇੰਡੀਆ (ਸੀ.ਐੱਨ.ਆਈ.), ਸਾਲਵੇਸ਼ਨ ਆਰਮੀ, ਮੈਥੋਡਿਸਟ ਚਰਚ ਸਮੇਤ ਵੱਖ-ਵੱਖ ਸੰਪਰਦਾਵਾਂ ਦੇ ਈਸਾਈ ਮਸੀਹੀ ਪੈਰੋਕਾਰ, ਜੋ ਐੱਮ.ਐੱਮ.ਐੱਸ. ਦੇ ਬੈਨਰ ਹੇਠ ਇਕਜੁੱਟ ਹੋਏ ਹਨ। ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ 'ਤੇ ਅੰਮ੍ਰਿਤਸਰ 'ਚ ਅਤੇ ਪੰਜਾਬ ਵਿਚ ਆਮ ਤੌਰ 'ਤੇ ਮਸੀਹੀ ਭਾਈਚਾਰੇ 'ਤੇ ਹੋਏ ਹਮਲਿਆਂ ਤੋਂ ਬਾਅਦ ਸ਼ਾਂਤੀ ਅਤੇ ਸਦਭਾਵਨਾ ਲਈ ਪ੍ਰਾਰਥਨਾ ਕਰਨ ਲਈ ਆਪੋ-ਆਪਣੇ ਚਰਚਾਂ ਵਿਚ ਮੋਮਬੱਤੀਆਂ ਦੀ ਰੌਸ਼ਨੀ ਵਿਚ ਪ੍ਰਾਰਥਨਾ ਸਭਾਵਾਂ ਆਯੋਜਿਤ ਕੀਤੀਆਂ। ਐਮਐਮਐਸ ਦੇ ਪ੍ਰਧਾਨ ਅਤੇ ਬਿਸ਼ਪ ਡਾਇਓਸੀਸ ਆਫ ਅੰਮ੍ਰਿਤਸਰ ਦੇ ਪ੍ਰਾਪਰਟੀ ਮੈਨੇਜਰ ਡੈਨੀਅਲ ਬੀ ਦਾਸ ਨੇ ਕਿਹਾ ਕਿ ਇਸ ਹਫਤੇ ਐਮਐਮਐਸ ਦੀ ਮੀਟਿੰਗ ਦੇ ਦੌਰਾਨ ਵੱਖ-ਵੱਖ ਮਸੀਹੀ ਸੰਪ੍ਰਦਾਵਾਂ ਦੇ ਸਬੰਧਤ ਚਰਚਾਂ ਵਿੱਚ ਕੈਂਡਲ ਲਾਈਟ ਪ੍ਰਾਰਥਨਾ ਸਭਾਵਾਂ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ "ਪੰਜਾਬ ਵਿੱਚ ਮਸੀਹੀ ਭਾਈਚਾਰਾ ਖੇਤਰ ਵਿੱਚ ਅੰਤਰ-ਧਾਰਮਿਕ ਅਤੇ ਸ਼ਾਂਤੀ-ਨਿਰਮਾਣ ਦੇ ਯਤਨਾਂ ਵਿੱਚ ਡੂੰਘਾਈ ਨਾਲ ਸ਼ਾਮਲ ਰਿਹਾ ਹੈ। ਹੁਣ ਤੱਕ ਸਾਨੂੰ ਸਾਰੇ ਧਰਮਾਂ ਦੇ ਲੋਕਾਂ ਦੀ ਸੁਰੱਖਿਆ ਮਿਲਦੀ ਰਹੀ ਹੈ। ਪਰ ਇਹ ਸਾਡੇ ਲਈ ਸੱਚਮੁੱਚ ਬਹੁਤ ਦੁਖਦਾਈ ਤਜਰਬਾ ਹੈ ਕਿ ਸਾਡੇ ਉਤੇ ਲੋਕਾਂ ਦਾ ਸ਼ਕਤੀ ਅਤੇ ਭਰਮਾਉਣ ਦਵਾਰਾ ਧਰਮ ਪਰਿਵਰਤਨ ਦੇ ਪੂਰੀ ਤਰ੍ਹਾਂ ਬੇਬੁਨਿਆਦ ਦੋਸ਼ ਲਗਾ ਕੇ ਸਾਨੂੰ ਜ਼ੁਲਮ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।" ਉਨ੍ਹਾਂ ਕਿਹਾ ਕਿ ਸਾਰੇ ਭਾਈਚਾਰਿਆਂ ਵਿਚ ਸ਼ਾਂਤੀ ਅਤੇ ਸਦਭਾਵਨਾ ਲਈ ਪ੍ਰਾਰਥਨਾ ਕਰਨ ਤੋਂ ਇਲਾਵਾ, ਇਨ੍ਹਾਂ ਕੈਂਡਲ ਲਾਈਟ ਪ੍ਰਾਰਥਨਾ ਸਭਾਵਾਂ ਨੇ ਮਸੀਹੀ ਭਾਈਚਾਰੇ ਦੀ ਏਕਤਾ ਨੂੰ ਦਰਸ਼ਾਯਾ ਹੈ। ਬਿਸ਼ਪ ਸਾਮੰਤਾਰਾਏ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਧਾਰਮਿਕ ਭਾਈਚਾਰਿਆਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਲੋੜੀਂਦੇ ਕਦਮ ਚੁੱਕਣ ਦੇ ਨਾਲ-ਨਾਲ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਾਰਵਾਈ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। -PTC News