ਮੁੱਖ ਮੰਤਰੀ ਸਿਹਤ ਤੇ ਸਿੱਖਿਆ ਵਿਭਾਗਾਂ 'ਚ ਖਾਲੀ ਪਈਆਂ ਆਸਾਮੀਆਂ ਭਰਨ : ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸਿਹਤ ਤੇ ਸਿੱਖਿਆ ਵਿਭਾਗ ਵਿਚ ਤਰਜੀਹ ਦੇ ਆਧਾਰ ’ਤੇ ਸਾਰੀਆਂ ਖਾਲੀ ਆਸਾਮੀਆਂ ਭਰਨ ਵਾਸਤੇ ਵੱਡੀ ਭਰਤੀ ਮੁਹਿੰਮ ਦਾ ਐਲਾਨ ਕਰਨ ਅਤੇ ਨਾਲ ਹੀ ਹੋਰ ਵਿਭਾਗਾਂ ਵਿਚ ਵੀ ਖਾਲੀ ਆਸਾਮੀਆਂ ਭਰੀਆਂ ਜਾਣ ਤਾਂ ਜੋ ਲੋਕਾਂ ਨੂੰ ਪ੍ਰਭਾਵਸ਼ਾਲੀ ਸੇਵਾਵਾਂ ਦੇਣਾ ਯਕੀਨੀ ਬਣਾਇਆ ਜਾ ਸਕੇ। ਪਾਰਟੀ ਨੇ ਇਹ ਵੀ ਕਿਹਾ ਕਿ ਨੌਜਵਾਨ ਵਰਗ ਸਰਕਾਰ ਦੇ ਵਾਅਦੇ ਮੁਤਾਬਕ ਨਵੀਂਆਂ ਸਰਕਾਰੀ ਨੌਕਰੀਆਂ ਦੀ ਸਿਰਜਣਾ ਵੱਲ ਵੇਖ ਰਿਹਾ ਹੈ ਪਰ ਆਪ ਸਰਕਾਰ ਤਾਂ ਖਾਲੀ ਆਸਾਮੀਆਂ ਵੀ ਨਹੀਂ ਭਰ ਰਹੀ ਤੇ ਕੁਝ ਆਸਾਮੀਆਂ ਤਾਂ ਖਤਮ ਵੀ ਕਰ ਦਿੱਤੀਆਂ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਿਹਤ ਤੇ ਸਿੱਖਿਆ ਖੇਤਰ ਵਿਚ ਸੀਨੀਅਰ ਡਾਕਟਰਾਂ ਦੇ ਵੱਡੀ ਗਿਣਤੀ ਵਿਚ ਨੌਕਰੀ ਛੱਡ ਜਾਣ ਅਤੇ ਸਰਕਾਰੀ ਸਕੂਲਾਂ ਵਿਚ ਖਾਲੀ ਆਸਾਮੀਆਂ ਦੀ ਭਰਮਾਰ ਹੋਣ ਕਾਰਨ ਸਿਹਤ ਤੇ ਸਿੱਖਿਆ ਵਿਭਾਗਾਂ ਦੇ ਪ੍ਰਭਾਵਤ ਹੋਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸਬ ਡਵੀਜ਼ਨਲ ਮੈਜਿਸਟਰੇਅ ਲਹਿਰਾਗਾਗਾ ਨੁੰ ਰੋਕੇ ਜਾਣ ਤੋਂ ਇਹ ਝਲਕਦਾ ਹੈ ਕਿ ਲੋਕਾਂ ਵਿਚ ਸਰਕਾਰੀ ਸਕੂਲ ਸਹੀ ਤਰੀਕੇ ਨਾ ਚਲਾ ਸਕਣ ’ਤੇ ਸਰਕਾਰ ਖਿਲਾਫ ਕਿੰਨਾ ਗੁੱਸਾ ਹੈ। ਉਹਨਾਂ ਕਿਹਾ ਕਿ ਐਸ ਡੀ ਐਫ ਦਫਤਰ ਦਾ ਰੋਹ ਰੋਕਣ ਤੋਂ ਪਹਿਲਾਂ ਚਾਰ ਦਿਨ ਲੰਬਾ ਧਰਨਾ ਚੱਲਿਆ ਜਿਸ ਵਿਚ ਮੰਗ ਕੀਤੀ ਗਈ ਕਿ ਇਕ ਅਧਿਆਪਕ ਦੀ ਬਦਲੀ ਪਿੰਡ ਦੇ ਸਕੂਲ ਵਾਸਤੇ ਕੀਤੀ ਜਾਵੇ ਪਰ ਇਹ ਮੰਗ ਬੋਲੇ ਕੰਨਾ ’ਤੇ ਪਈ ਤੇ ਕੋਈ ਅਸਰ ਨਾ ਹੋਇਆ ਜਿਸ ਤੋਂ ਮਜਬੂਰ ਹੋ ਕੇ ਲੋਕਾਂ ਨੇ ਐਸ ਡੀ ਐਮ ਦਫਤਰ ਦਾ ਘਿਰਾਓ ਕੀਤਾ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਖਾਲੀ ਆਸਾਮੀਆਂ ਭਰਨ ਤੇ ਕੀਤੇ ਵਾਅਦੇ ਮੁਤਾਬਕ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿਚ ਨਾਕਾਮ ਸਾਬਤ ਹੋਈ ਹੈ ਪਰ ਆਪ ਦੇ ਮੰਤਰੀ ਤੇ ਵਿਧਾਇਕ ਹਸਪਤਾਲਾਂ ਤੇ ਸਕੂਲਾਂ ’ਤੇ ਛਾਪੇ ਮਾਰ ਕੇ ਸਸਤੀ ਸ਼ੋਹਰਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਕਮਾਂਡ ਚੇਨ ਪ੍ਰਭਾਵਤ ਹੋਈ ਹੈ ਤੇ ਸਿਹਤ ਤੇ ਸਿੱਖਿਆ ਖੇਤਰ ਢਹਿ ਢੇਰੀ ਹੋ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਰੁੱਸਤੀ ਵਾਲੇ ਕਦਮ ਚੁੱਕਣ ਵਿਚ ਵੀ ਨਾਕਾ ਮਰਹੇ ਹਨ ਤੇ ਉਹਨਾਂ ਨੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਹਨਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਬਦਸਲੂਕੀ ਕੀਤੀ ਸੀ। ਡਾ. ਚੀਮਾ ਨੇ ਮੁੱਖ ਮੰਤਰੀ ਵੱਲੋਂ ਹਾਲ ਹੀ ਵਿਚ ਵਿਧਾਇਕਾਂ ਨੂੰ ਸਰਕਾਰੀ ਅਫਸਰਾਂ ਨਾਲ ਟਕਰਾਅ ਨਾ ਕਰਨ ਦੀ ਦਿੱਤੀ ਨਸੀਹਤ ਲਈ ਵੀ ਝਾੜ ਪਾਉਂਦਿਆਂ ਕਿਹਾ ਕਿ ਇਸਦਾ ਉਦੋਂ ਤੱਕ ਕੋਈ ਅਸਰ ਨਹੀਂ ਹੋਵੇਗਾ ਜਦੋਂ ਕਿ ਸਿਹਤ ਮੰਤਰੀ ਚੇਤਨ ਜੋੜੇਮਾਜਰਾ ਨੂੰ ਬਰਖ਼ਾਸਤ ਕਰ ਕੇ ਉਦਾਹਰਣ ਪੇਸ ਨਹੀਂ ਕੀਤੀ ਜਾਂਦੀ। ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਵੱਲੋਂ ਡਾਕਟਰਾਂ ਤੇ ਅਧਿਆਪਕਾਂ ਨੂੰ ਇਹ ਭਰੋਸਾ ਦੇਣ ਕਿ ਉਹਨਾਂ ਨੂੰ ਡਿਊਟੀ ਨਿਭਾਉਣ ਵੇਲੇ ਆਪ ਵਿਧਾਇਕ ਤੰਗ ਪ੍ਰੇਸ਼ਾਨ ਨਹੀਂ ਕਰਨਗੇ। ਉਹਨਾਂ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਸਿਹਤ ਤੇ ਸਿੱਖਿਆ ਵਿਭਾਗ ਲਈ ਤੁਰੰਤ ਢੁਕਵੇਂ ਫੰਡ ਜਾਰੀ ਕੀਤੇ ਜਾਣ। ਇਹ ਵੀ ਪੜ੍ਹੋ : ਬਠਿੰਡਾ ਦੇ ਸਿਵਲ ਹਸਪਤਾਲ 'ਚ ਐਕਸ-ਰੇ ਮਸ਼ੀਨਾਂ ਖ਼ਰਾਬ ਹੋਣ ਕਾਰਨ ਮਰੀਜ਼ ਪਰੇਸ਼ਾਨ ਉਹਨਾਂ ਕਿਹਾ ਕਿ ਮਰੀਜ਼ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਤੇ ਮੈਡੀਕਲ ਟੈਸਟ ਨਾ ਹੋਣ ਦੀਆਂ ਸ਼ਿਕਾਇਤਾਂ ਕਰ ਰਹੇ ਹਨ ਤੇ ਨਾਲ ਹੀ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਤੇ ਕਿਤਾਬਾਂ ਨਾ ਮਿਲਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਇਹ ਕਹਿ ਕੇ ਸੱਤਾ ਵਿਚ ਆਈ ਸੀ ਕਿ ਉਹ ਸਿਹਤ ਤੇ ਸਿੱਖਿਆ ਖੇਤਰ ਵਿਚ ਲਾਮਿਸਾਲ ਸੁਧਾਰ ਕਰੇਗੀ ਪਰ ਉਹ ਕੱਖ ਨਹੀਂ ਕਰ ਸਕੀ। -PTC News