ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ, 28 FIR ਦਰਜ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਾਰਜਕਾਲ ਦੇ ਥੋੜ੍ਹੇ ਸਮੇਂ ਵਿੱਚ ਹੁਣ ਤੱਕ 45 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਤੇ ਹੋਰਾਂ ਨੂੰ ਰਿਸ਼ਵਤ ਦੇ ਇਲਜ਼ਾਮ ਹੇਠ ਕਾਬੂ ਕੀਤਾ ਹੈ। ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਉਣ ਲਈ ਲੋਕਾਂ ਦੀ ਸਹੂਲਤ ਵਾਸਤੇ ਵਟਸਐਪ ਆਧਾਰਿਤ ਇਕ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਸੀ। ਇਸ ਨੰਬਰ ਉਤੇ ਮਿਲੀਆਂ ਪ੍ਰਮਾਣਿਕ ਸ਼ਿਕਾਇਤਾਂ ਦੇ ਆਧਾਰ ਉਤੇ ਪੰਜਾਬ ਪੁਲਿਸ ਨੇ ਭ੍ਰਿਸ਼ਟ ਅਧਿਕਾਰੀਆਂ/ਕਰਮਚਾਰੀਆਂ ਤੇ ਹੋਰ ਇਲਜ਼ਾਮਾਂ ਖ਼ਿਲਾਫ਼ 28 ਐਫ.ਆਈ.ਆਰ. ਦਰਜ ਕੀਤੀਆਂ ਹਨ। ਮੁੱਖ ਮੰਤਰੀ ਦੀਆਂ ਹਦਾਇਤਾਂ ਉਤੇ ਵਿਜੀਲੈਂਸ ਨੇ ਹੁਣ ਤੱਕ ਪੁਲਿਸ ਦੇ ਇਕ ਸਬ-ਇੰਸਪੈਕਟਰ, ਅੱਠ ਸਹਾਇਕ ਸਬ-ਇੰਸਪੈਕਟਰਾਂ, ਤਿੰਨ ਹੌਲਦਾਰਾਂ, ਇਕ ਸਿਪਾਹੀ, ਹੋਮਗਾਰਡ ਦੇ ਇਕ ਜਵਾਨ, ਦੋ ਪਟਵਾਰੀਆਂ, ਇਕ ਕਲਰਕ, ਇਕ ਨੰਬਰਦਾਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਕ ਡੇਟਾ ਐਂਟਰੀ ਅਪਰੇਟਰ, ਸਰਕਾਰੀ ਆਈ.ਟੀ.ਆਈ. ਐਸ.ਏ.ਐਸ. ਨਗਰ ਦੇ ਇਕ ਪ੍ਰਿੰਸੀਪਲ, ਇਕ ਮੈਡੀਕਲ ਅਫ਼ਸਰ, ਇਕ ਡਿਵੀਜ਼ਨਲ ਜੰਗਲਾਤ ਅਫ਼ਸਰ ਅਤੇ ਜੁਡੀਸ਼ਲ ਵਿਭਾਗ ਦੇ ਸੰਮਨ ਭੇਜਣ ਵਾਲੇ ਸਟਾਫ਼ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਮਾਈਨਿੰਗ ਕੇਸ ਵਿੱਚ 17 ਜਣਿਆਂ, ਪਟਵਾਰੀਆਂ ਦੇ ਚਾਰ ਸਹਾਇਕਾਂ ਤੇ ਇਕ ਜੰਗਲਾਤ ਠੇਕੇਦਾਰ ਨੂੰ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਹੇਠ ਫੜਿਆ ਗਿਆ ਹੈ। ਪੁਲਿਸ ਨੇ 21 ਜੂਨ 2022 ਤੱਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਕੁੱਲ 45 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੋਈ ਹੈ ਅਤੇ ਭ੍ਰਿਸ਼ਟ ਅਫਸਰਾਂ ਅਤੇ ਕਰਮਚਾਰੀਆਂ ਨੂੰ ਬਾਹਰ ਦਾ ਰਾਹ ਵਿਖਾ ਕੇ ਸਮੁੱਚੇ ਸਿਸਟਮ ਨੂੰ ਸਾਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੀ, ਕਾਰਗਰ ਅਤੇ ਪਾਰਦਰਸ਼ੀ ਸਰਕਾਰ ਦੇਣ ਲਈ ਸ਼ਾਸਨ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੋਧੀ ਜੰਗ ਉਸ ਵੇਲੇ ਹੀ ਖ਼ਤਮ ਹੋਵੇਗੀ, ਜਦੋਂ ਸੂਬੇ ਵਿੱਚੋਂ ਇਸ ਦਾ ਮੁਕੰਮਲ ਤੌਰ ਉਤੇ ਸਫਾਇਆ ਹੋ ਜਾਵੇਗਾ ਪਰ ਇਸ ਲਈ ਲੋਕਾਂ ਦਾ ਸਰਗਰਮ ਸਹਿਯੋਗ ਬਹੁਤ ਜ਼ਰੂਰੀ ਹੈ। ਇਹ ਵੀ ਪੜ੍ਹੋ:ਕੋਰਟ ਨੇ ਆਈਏਐਸ ਸੰਜੇ ਪੋਪਲੀ ਤੇ ਸਹਾਇਕ ਨੂੰ ਪੁਲਿਸ ਰਿਮਾਂਡ ‘ਤੇ ਭੇਜਿਆ -PTC News