ਪੰਜਾਬ ਦੇ ਵੋਟਰਾਂ ਨੂੰ ਮੁੱਖ ਚੋਣ ਅਫ਼ਸਰ ਵੱਲੋਂ ਲੋਕਤੰਤਰ ਦੇ ਮਹਾ ਉਤਸਵ 'ਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ
ਚੰਡੀਗੜ੍ਹ: ਮੁੱਖ ਚੋਣ ਅਫਸਰ ਵੱਲੋਂ ਅੱਜ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਚੋਣ ਦੀਆਂ ਤਿਆਰੀਆਂ ਨੂੰ ਲੈ ਕੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਸੂਬੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕੀ ਉਹ ਭਾਰਤੀ ਲੋਕਤੰਤਰ ਦੇ ਇਸ ਮਹਾ ਉਤਸਵ ਵਿੱਚ ਵਧ ਚੜ ਕੇ ਹਿੱਸਾ ਲੈਣ ਅਤੇ ਭਾਰਤੀ ਸੰਵਿਧਾਨ ਵੱਲੋਂ ਦਿੱਤੇ ਗਏ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ। ਉਨਾਂ ਕਿਹਾ ਹੈ ਕਿ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਲੈ ਕੇ ਜਾਣ ਲਈ ਗੱਡੀਆਂ ਜਾਂ ਹੋਰ ਕੋਈ ਸਾਧਨ ਸਿੱਧੇ ਜਾਂ ਅਸਿੱਧੇ ਢੰਗ ਨਾਲ ਉਮੀਦਵਾਰ ਜਾਂ ਉਸਦਾ ਚੋਣ ਏਜੰਟ ਜਾਂ ਕੋਈ ਹੋਰ ਵਿਅਕਤੀ ਜਿਸਨੂੰ ਕਿ ਉਮੀਦਵਾਰ ਜਾਂ ਉਸਦੇ ਚੋਣ ਏਜੰਟ ਵੱਲੋਂ ਸਹਿਮਤੀ ਦਿੱਤੀ ਗਈ ਹੋਵੇ ਵੱਲੋਂ, ਮੁਹੱਈਆ ਕਰਵਾਉਣਾ ਵੀ ਇਸ ਧਾਰਾ ਦੀ ਉਲੰਘਣਾ ਹੈ। ਕਰੁਣਾ ਰਾਜੂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਜੇਕਰ ਵੋਟ ਬਦਲੇ ਕੋਈ ਵਿਅਕਤੀ ਉਨਾਂ ਨੂੰ ਪੈਸਾ, ਦਾਰੂ, ਨਸ਼ੀਲਾ ਪਦਾਰਥ ਜਾਂ ਉਪਰੋਕਤ ਵਿੱਚੋਂ ਕੋਈ ਲਾਲਚ ਜਾਂ ਡਰ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦੀ ਸ਼ਿਕਾਇਤ ਕੀਤੀ ਜਾਵੇਗੀ। ਡਾ. ਰਾਜੂ ਨੇ ਕਿਹਾ ਕਿ ਚਲਣ-ਫਿਰਨ ਵਿੱਚ ਅਸਮਰਥ ਵੋਟਰਾਂ ਦੀ ਸਹੂਲਤ ਲਈ ਵੋਟ ਪਾਉਣ ਲਈ ਜਾਣ ਅਤੇ ਵਾਪਿਸ ਘਰ ਆਉਣ ਵਾਸਤੇ ਗੱਡੀ ਦੀ ਸਹੂਲਤ, ਵੀਲ ਚੇਅਰ, ਵੋਟ ਬੂਥ ਤੱਕ ਜਾਣ ਲਈ ਸਹਾਇਕ ਵੱਜੋਂ ਵਲੰਟੀਅਰ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ 24740 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਕੁੱਲ 24,740 ਪੋਲਿੰਗ ਸਟੇਸ਼ਨ ਅਤੇ 14,684 ਲੋਕੇਸ਼ਨ ਸਥਾਪਤ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਵੋਟਿੰਗ ਪ੍ਰਕਿਰਿਆ ਨੂੰ ਪੂਰਾ ਕਰਨ ਲਈ 64 ਆਬਜ਼ਰਵਰ ਅਤੇ 3 ਸੀਨੀਅਰ ਆਬਜ਼ਰਵਰ ਲਗਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ 6 ਚੋਣ ਬੂਥਾਂ ਵਿਚ ਉਮੀਦਵਾਰ ਵੱਧ ਹੋਣ ਕਾਰਨ 2-2 ਪੋਲਿੰਗ ਯੂਨਿਟ ਸਥਾਪਤ ਕੀਤੇ ਗਏ ਹਨ। 791 ਨਾਕੇ ਲਗਾਏ ਗਏ ਹਨ। ਅੱਗੇ ਉਨ੍ਹਾਂ ਨੇ ਕਿਹਾ ਕਿ 1300 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚ 1209 ਪੁਰਸ਼, 93 ਮਹਿਲਾ ਤੇ 2 ਟਰਾਂਸਜੈਂਡਰ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ 500 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੁੱਲ 22,827 ਸ਼ਿਕਾਇਤਾਂ ਮਿਲੀਆਂ ਹਨ। ਟੋਲ ਫ੍ਰੀ ਨੰਬਰ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਵੋਟਾਂ ਨੂੰ ਅਮਨ-ਸ਼ਾਂਤੀ ਨਾਲ ਨਪੇਰੇ ਚਾੜ੍ਹਨ ਲਈ ਵੱਡੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੰਜਾਬ ਪੁਲਿਸ ਤੋਂ ਇਲਾਵਾ ਸੀਆਈਐਸਐਫ ਦੇ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਇਹ ਵੀ ਪੜ੍ਹੋ:ਕਿਹੜੇ ਦਸਤਾਵੇਜ਼ਾਂ ਦੇ ਆਧਾਰ 'ਤੇ ਤੁਸੀਂ ਵੋਟ ਪਾ ਸਕਦੇ, ਜਾਣੋ -PTC News