ਕੈਮੀਕਲ ਫੈਕਟਰੀ ਦਾ ਬੁਆਇਲਰ ਫਟਿਆ, 15-20 ਲੋਕ ਜ਼ਖਮੀ, ਇੱਕ ਦੀ ਹਾਲਤ ਗੰਭੀਰ
ਸੂਰਤ: ਸਚਿਨ ਜੀਆਈਡੀਸੀ ਦੀ ਇੱਕ ਫੈਕਟਰੀ ਵਿੱਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਫੈਕਟਰੀ ਦਾ ਬੁਆਇਲਰ ਫਟਣ ਨਾਲ ਇਹ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 15 ਤੋਂ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਫਾਇਰ ਬ੍ਰਿਗੇਡ ਨੇ 15 ਲੋਕਾਂ ਨੂੰ ਬਚਾਇਆ।
ਇਹ ਵੀ ਕਿਹਾ ਜਾ ਰਿਹਾ ਹੈ ਕਿ 3 ਤੋਂ 4 ਲੋਕ ਲਾਪਤਾ ਹਨ। ਪੁਲਿਸ ਨੇ ਫੈਕਟਰੀ ਨੂੰ ਘੇਰ ਲਿਆ ਹੈ। ਅੱਗ ਲੱਗਣ ਦੀ ਘਟਨਾ ਰਾਤ 10 ਤੋਂ 10.30 ਵਜੇ ਦੇ ਦਰਮਿਆਨ ਦੱਸੀ ਜਾ ਰਹੀ ਹੈ। ਭੇਸਤਾਨ, ਮਾਨ ਦਰਵਾਜ਼ਾ, ਡਿੰਡੋਲੀ ਸਮੇਤ ਕਈ ਫਾਇਰ ਸਟੇਸ਼ਨਾਂ ਤੋਂ ਕਰੀਬ 25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਫਾਇਰ ਬ੍ਰਿਗੇਡ ਦੇ ਕਰਮਚਾਰੀ ਰਾਤ 12 ਵਜੇ ਤੱਕ ਅੱਗ 'ਤੇ ਕਾਬੂ ਪਾਉਣ 'ਚ ਲੱਗੇ ਹੋਏ ਸਨ।
ਇਹ ਵੀ ਪੜ੍ਹੋ: ਸ਼ਾਰਪ ਸ਼ੂਟਰ ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੋਲਡੀ ਬਰਾੜ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਿਖਿਆ- ਨਾ ਕੀਤਾ ਜਾਵੇ ਕੋਈ ਨਾਜਾਇਜ਼ ਧੱਕਾ...
ਅੱਗ ਨਾਲ ਫੈਕਟਰੀ ਦਾ ਬੁਆਇਲਰ ਸਮੇਤ ਕਈ ਸਾਮਾਨ ਸੜ ਕੇ ਸੁਆਹ ਹੋ ਗਿਆ। ਪੂਰੇ ਇਲਾਕੇ ਦੀ ਬਿਜਲੀ ਕੱਟ ਦਿੱਤੀ ਗਈ ਹੈ। ਚੀਫ਼ ਫਾਇਰ ਅਫ਼ਸਰ ਬਸੰਤ ਪਾਰਿਖ ਨੇ ਦੱਸਿਆ ਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ। ਰਾਤ 12 ਵਜੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ।
-PTC News