ਚੰਡੀਗੜ੍ਹ ਦਰੱਖਤ ਡਿੱਗਣ ਦਾ ਮਾਮਲਾ: ਯੂਥ ਕਾਂਗਰਸ ਵੱਲੋਂ ਅੱਜ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ
ਚੰਡੀਗੜ੍ਹ: ਕਾਰਮਲ ਕਾਨਵੈਂਟ ਸਕੂਲ, ਸੈਕਟਰ-9, ਚੰਡੀਗੜ੍ਹ ਦੀ 16 ਸਾਲਾ ਹੀਰਾਕਸ਼ੀ ਦੀ ਮੌਤ ਦਾ ਜ਼ਿੰਮੇਵਾਰ ਕੌਣ? ਇਸ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਨ੍ਹਾਂ ਸਵਾਲਾਂ ਦੇ ਜਵਾਬ ਮੰਗਣ ਲਈ ਚੰਡੀਗੜ੍ਹ ਯੂਥ ਕਾਂਗਰਸ ਅੱਜ ਸਵੇਰੇ 11.30 ਵਜੇ ਕਾਰਮਲ ਕਾਨਵੈਂਟ ਸਕੂਲ ਦੇ ਬਾਹਰ ਸਾਈਲੈਂਟ ਧਰਨਾ ਦੇਵੇਗੀ। ਇਹ ਹਾਦਸਾ 8 ਜੁਲਾਈ ਨੂੰ ਸਵੇਰੇ ਕਰੀਬ 11 ਵਜੇ ਵਾਪਰਿਆ ਸੀ। ਕਾਂਗਰਸ ਇਸ ਮਾਮਲੇ 'ਚ ਹੀਰਾਕਸ਼ੀ, ਇਸ਼ਿਤਾ ਅਤੇ ਸ਼ੀਲਾ ਅਤੇ ਹੋਰ ਜ਼ਖਮੀ ਬੱਚਿਆਂ ਲਈ ਇਨਸਾਫ ਦੀ ਮੰਗ ਕਰ ਰਹੀ ਹੈ। ਹਾਦਸੇ ਵਿੱਚ ਜ਼ਖ਼ਮੀ ਹੋਈ 10ਵੀਂ ਜਮਾਤ ਦੀ ਇਸ਼ਿਤਾ (15) ਦਾ ਹੱਥ ਕੱਟਣਾ ਪਿਆ। ਹੀਰਾਕਸ਼ੀ (16) ਦੀ ਜਾਨ ਚਲੀ ਗਈ ਹੈ ਅਤੇ ਕਿਸ਼ਨਗੜ੍ਹ ਦੀ ਰਹਿਣ ਵਾਲੀ ਸ਼ੀਲਾ (36) ਜੋ ਕਿ ਸਕੂਲ ਬੱਸ ਕੰਡਕਟਰ-ਕਮ-ਅਟੈਂਡੈਂਟ ਸੀ, ਕੋਮਾ ਵਿਚ ਚਲੀ ਗਈ ਹੈ ਅਤੇ ਪੀਜੀਆਈ ਵਿਚ ਵੈਂਟੀਲੇਟਰ 'ਤੇ ਹੈ। ਹਾਦਸੇ ਨੂੰ ਕਰੀਬ 72 ਘੰਟੇ ਬੀਤ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਇਹ ਵੀ ਪੜ੍ਹੋ: ਹੁਸ਼ਿਆਰਪੁਰ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਹਾਦਸੇ ਦੇ 2 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ। ਦੂਜੇ ਪਾਸੇ ਚੰਡੀਗੜ੍ਹ ਪੁਲੀਸ, ਚੰਡੀਗੜ੍ਹ ਪ੍ਰਸ਼ਾਸਨ ਅਤੇ ਸਕੂਲ ਪ੍ਰਸ਼ਾਸਨ ਇਸ ਮਾਮਲੇ ਵਿੱਚ ਮੂਕ ਦਰਸ਼ਕ ਬਣਿਆ ਹੋਇਆ ਹੈ। ਅਜਿਹੇ 'ਚ ਯੂਥ ਕਾਂਗਰਸ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਵਿਅਕਤੀ ਦੀ ਪਛਾਣ ਕਰਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ ਮੰਗ ਨੂੰ ਲੈ ਕੇ ਯੂਥ ਕਾਂਗਰਸ ਰੋਸ ਪ੍ਰਦਰਸ਼ਨ ਕਰੇਗੀ। ਦੂਜੇ ਪਾਸੇ ਚੰਡੀਗੜ੍ਹ ਦੇ ਸੈਕਟਰ-9 ਕਾਰਮਲ ਕਾਨਵੈਂਟ ਸਕੂਲ 'ਚ ਚੰਡੀਗੜ੍ਹ ਪ੍ਰਸ਼ਾਸਨ ਦਾ 'ਹੈਰੀਟੇਜ ਟਰੀ' ਡਿੱਗਣ ਨਾਲ ਹੀਰਾਕਸ਼ੀ (16) ਦੀ ਮੌਤ ਤੋਂ ਬਾਅਦ ਲੋਕ ਕਾਫੀ ਗੁੱਸੇ 'ਚ ਹਨ ਅਤੇ ਪ੍ਰਸ਼ਾਸਨ ਦੀ ਕਾਰਵਾਈ 'ਤੇ ਸਵਾਲ ਉਠਾ ਰਹੇ ਹਨ। ਸ਼ਹਿਰ ਦੀਆਂ ਹੋਰ ਥਾਵਾਂ 'ਤੇ ਖੜ੍ਹੇ ਅਜਿਹੇ ਖਤਰਨਾਕ ਦਰੱਖਤਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾ ਕੇ ਲੋਕ ਪ੍ਰਸ਼ਾਸਨ ਤੋਂ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ। ਦੱਸ ਦੇਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ 31 ਰੁੱਖਾਂ ਨੂੰ ਵਿਰਾਸਤੀ ਦਰੱਖਤ ਦਾ ਦਰਜਾ ਦਿੱਤਾ ਸੀ। ਕਾਰਮਲ ਕਾਨਵੈਂਟ ਸਕੂਲ ਸੈਕਟਰ-9ਬੀ ਵਿੱਚ ਇੱਕ ਦਰੱਖਤ ਸੀ. ਇਸ ਦੇ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ। ਇਹ ਵਿਰਾਸਤੀ ਰੁੱਖ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਂਦੇ ਹਨ। -PTC News