ਚੰਡੀਗੜ੍ਹ ਵਾਲਿਓ ਹੋ ਜਾਓ ਸਾਵਧਾਨ- ਮਾਸਕ ਨਾ ਪਾਉਣ ਵਾਲਿਆਂ 'ਤੇ ਲੱਗੇਗਾ ਭਾਰੀ ਜੁਰਮਾਨਾ
ਚੰਡੀਗੜ੍ਹ: ਦੇਸ਼ ਵਿਚ ਹੁਣ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਸਖ਼ਤੀ ਵਰਤਦਾ ਨਜ਼ਰ ਆ ਰਿਹਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਚੰਡੀਗੜ੍ਹ ਵਿੱਚ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ। ਇਸ ਗਾਈਡਲਾਈਨ ਦੇ ਮੁਤਾਬਿਕ ਚੰਡੀਗੜ੍ਹ ਵਿਚ ਮਾਸਕ ਨਾ ਪਾਉਣ ਵਾਲਿਆਂ 'ਤੇ 500 ਰੁਪਏ ਜੁਰਮਾਨਾ ਲਗਾਉਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਹਨ ਕਿ ਪਬਲਿਕ ਟਰਾਂਸਪੋਰਟ, ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟਲ ਸਟੋਰ, ਸਾਰੀਆਂ ਵਿਦਿਅਕ ਸੰਸਥਾਵਾਂ, ਸਾਰੇ ਸਰਕਾਰੀ ਦਫਤਰਾਂ, ਪ੍ਰਾਈਵੇਟ ਦਫਤਰਾਂ ਅਤੇ ਅੰਦਰੂਨੀ ਇਕੱਠਾਂ ਲਈ ਵੀ ਮਾਸਕ ਪਾਉਣਾ ਲਾਜ਼ਮੀ ਹੈ। 4 ਮਈ ਤੋਂ ਬਾਅਦ 12 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਟੀਕਾਕਰਨ ਤੋਂ ਬਿਨਾਂ ਚੰਡੀਗੜ੍ਹ ਦੇ ਸਕੂਲਾਂ ਵਿੱਚ ਦਾਖਲਾ ਨਹੀਂ ਮਿਲੇਗਾ। ਚੰਡੀਗੜ੍ਹ ਪ੍ਰਸ਼ਾਸਨ ਦੀ ਕੋਵਿਡ-19 ਮੀਟਿੰਗ ਵਿੱਚ ਇਹ ਫੈਸਲਾ ਲਿਆ ਹੈ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲੇ ਵਧਦੇ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਚੰਡੀਗੜ੍ਹ ਦੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਇੱਥੇ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਦਿਸ਼ਾ-ਨਿਰਦੇਸ਼ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਪਬਲਿਕ ਟਰਾਂਸਪੋਰਟ ਜਿਵੇਂ ਬੱਸਾਂ, ਟੈਕਸੀਆਂ, ਆਟੋ ਰਿਕਸ਼ਾ, ਵਿਦਿਅਕ ਅਦਾਰਿਆਂ ਜਿਵੇਂ ਸਕੂਲਾਂ, ਕਾਲਜਾਂ, ਕੋਚਿੰਗ ਸੈਂਟਰਾਂ ਅਤੇ ਲਾਇਬ੍ਰੇਰੀਆਂ, ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਤੋਂ ਇਲਾਵਾ ਸਾਰੀਆਂ ਇਨਡੋਰ ਮੀਟਿੰਗਾਂ ਵਿੱਚ ਫੇਸ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਦੂਜੇ ਪਾਸੇ ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਥਾਵਾਂ 'ਤੇ ਫੇਸ ਮਾਸਕ ਨਹੀਂ ਪਾਇਆ ਗਿਆ ਤਾਂ ਉਸ ਤੋਂ 500 ਰੁਪਏ ਦਾ ਜੁਰਮਾਨਾ ਵਸੂਲਿਆ ਜਾਵੇਗਾ। ਇਹ ਨਿਯਮ ਪਹਿਲਾਂ ਹੀ ਲਾਗੂ ਹੋ ਚੁੱਕੇ ਹਨ, ਯਾਨੀ ਹੁਣ ਤੋਂ ਚੰਡੀਗੜ੍ਹ 'ਚ ਜਨਤਕ ਥਾਵਾਂ 'ਤੇ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ। -PTC News