ਬਿਨਾਂ ਹੈਲਮੇਟ ਬਾਈਕ ਸਵਾਰ ਨਾਲ ਕੁੱਟਮਾਰ ਦੇ ਦੋਸ਼ਾਂ 'ਚ ਚੰਡੀਗੜ੍ਹ ਪੁਲਿਸ ਮੁਲਾਜ਼ਮ ਮੁਅੱਤਲ
ਚੰਡੀਗੜ੍ਹ, 2 ਅਗਸਤ: ਬੀਤੇ ਦਿਨ ਚੰਡੀਗੜ੍ਹ ਪੁਲਿਸ ਦਾ ਇੱਕ ਕਾਂਸਟੇਬਲ ਬਿਨਾਂ ਹੈਲਮੇਟ ਇੱਕ ਬਾਈਕ ਸਵਾਰ ਨਾਲ ਕੁੱਟਮਾਰ ਕਰਦਾ ਕੈਮਰੇ ਵਿਚ ਕੈਦ ਹੋ ਗਿਆ ਸੀ। ਜਿਸਨੂੰ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਉਸਦੀ ਇਹ ਬੇਹਰਿਹਮ ਹਰਕਤ ਵਾਇਰਲ ਜਾ ਚੁੱਕੀ ਹੈ। ਵੀਡੀਓ ਵਿਚ ਚੰਡੀਗੜ੍ਹ ਦੇ ਸੈਕਟਰ 13 ਸਥਿਤ ਆਈ.ਟੀ. ਪਾਰਕ ਪੁਲਿਸ ਸਟੇਸ਼ਨ 'ਚ ਤਾਇਨਾਤ ਕਾਂਸਟੇਬਲ ਸਤੀਸ਼ ਕੁਮਾਰ ਆਪਣੇ ਡੰਡੇ ਨਾਲ ਇਕ ਵਾਹਨ ਚਾਲਕ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਮਨੀਮਾਜਰਾ ਦੀ ਇੰਦਰਾ ਕਲੋਨੀ ਦੇ ਰਹਿਣ ਵਾਲੇ 31 ਸਾਲਾ ਸ਼ਿਕਾਇਤਕਰਤਾ ਬਿੱਟੂ ਨੇ ਆਪਣੇ ਬਿਆਨ ਵਿਚ ਕਿਹਾ ਕੀ 30 ਜੁਲਾਈ ਦੀ ਸ਼ਾਮ ਕਰੀਬ 7 ਵਜੇ ਉਹ ਕੁਝ ਸਬਜ਼ੀਆਂ ਖਰੀਦਣ ਗਿਆ ਸੀ ਤਾਂ ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ। ਉਨ੍ਹੇ ਕਿਹਾ ਜਿਵੇਂ ਹੀ ਉਹ ਹੌਲੀ ਹੋਇਆ ਇੱਕ ਪੁਲਿਸ ਵਾਲੇ ਨੇ ਉਸਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਹੀ ਨਹੀਂ ਉਸ ਨੇ ਸ਼ਿਕਾਇਤਕਰਤਾ ਨੂੰ ਬੁਲੇਟ ਮੋਟਰਸਾਈਕਲ ਤੋਂ ਖਿੱਚ ਥੱਲੇ ਡੇਗ ਦਿੱਤਾ ਅਤੇ ਲੱਤਾਂ ਵੀ ਮਾਰੀਆਂ। ਬਾਅਦ ਵਿੱਚ ਪੁਲਿਸ ਮੁਲਾਜ਼ਮਾਂ ਨੇ ਸ਼ਿਕਾਇਤਕਰਤਾ 'ਤੇ ਦਬਾਅ ਪਾਇਆ ਕਿ ਉਹ ਮਨੀਮਾਜਰਾ ਹਸਪਤਾਲ ਵਿੱਚ ਡਾਕਟਰਾਂ ਨੂੰ ਜਾਂਚ ਦੌਰਾਨ ਦੱਸੇ ਕਿ ਉਹ ਮੋਟਰਸਾਈਕਲ ਤੋਂ ਡਿੱਗਣ ਕਾਰਨ ਜ਼ਖਮੀ ਹੋ ਗਿਆ ਸੀ। ਹਾਲਾਂਕਿ ਸੀਸੀਟੀਵੀ ਫੁਟੇਜ ਨਾਲ ਮਾਮਲੇ ਦੇ ਤੱਥਾਂ ਦਾ ਖੁਲਾਸਾ ਹੋਇਆ। ਪੁਲਿਸ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਇੱਕ ਟੀਮ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਜਦੋਂ ਉਨ੍ਹਾਂ ਨੇ ਬਿੱਟੂ ਨੂੰ ਬਿਨਾਂ ਹੈਲਮੇਟ ਦੇ ਗੱਡੀ ਚਲਾਉਂਦੇ ਦੇਖਿਆ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪਰ ਉਹ ਉਨ੍ਹਾਂ ਦੇ ਕੋਲੋਂ ਲੰਘ ਗਿਆ, ਕੁਝ ਦੇਰ ਬਾਅਦ ਬਿੱਟੂ ਵਾਪਸ ਆਇਆ ਤਾਂ ਕਾਂਸਟੇਬਲ ਨੇ ਉਸ ਨੂੰ ਕੁੱਟਿਆ। -PTC News