ਪੰਜਾਬ ਦੇ ਏ.ਆਈ.ਜੀ ਦੇ ਬੇਟੇ 'ਤੇ ਚੰਡੀਗੜ੍ਹ ਪੁਲਿਸ ਵੱਲੋਂ ਅਸਲਾ ਐਕਟ ਤਹਿਤ ਮਾਮਲਾ ਦਰਜ
ਚੰਡੀਗੜ੍ਹ, 8 ਸਤੰਬਰ: ਚੰਡੀਗੜ੍ਹ ਪੁਲਿਸ ਵੱਲੋਂ ਏ.ਆਈ.ਜੀ ਪੰਜਾਬ ਦੇ ਪੁੱਤਰ ਵਿਰੁੱਧ ਦਰਜ ਕੀਤੇ ਆਰਮਜ਼ ਐਕਟ ਦੇ ਕੇਸ ਦੀ ਜਾਂਚ ਵਿੱਚ ਯੂ.ਟੀ. ਪੁਲਿਸ ਢਿੱਲ ਮੱਠ ਕਰਦੀ ਜਾਪਦੀ ਹੈ। ਇਸ ਮਾਮਲੇ ਦੇ ਸੰਬੰਧ 'ਚ ਐਫ.ਆਈ.ਆਰ ਦਰਜ ਹੋਏ ਨੂੰ ਪੰਜ ਦਿਨ ਬੀਤ ਚੁਕੇ ਨੇ ਪਰ ਚੰਡੀਗੜ੍ਹ ਪੁਲਿਸ ਇਹ ਪਤਾ ਲਗਾਉਣ ਵਿੱਚ ਅਸਫਲ ਰਹੀ ਹੈ ਕਿ ਪੰਜਾਬ ਪੁਲਿਸ ਦੁਆਰਾ ਜ਼ਬਤ ਕੀਤੀ ਗਈ ਪਿਸਤੌਲ ਕਿਸ ਨੂੰ ਜਾਰੀ ਕੀਤੀ ਗਈ ਸੀ ਤੇ ਉਹ ਏ.ਆਈ.ਜੀ ਦੇ ਮੁੰਡੇ ਕੋਲ ਕਿਵੇਂ ਪਹੁੰਚੀ। ਪੰਜਾਬ ਪੁਲਿਸ ਦੇ ਏ.ਆਈ.ਜੀ ਸਰਬਜੀਤ ਸਿੰਘ ਦੇ ਪੁੱਤਰ 'ਤੇ ਚੰਡੀਗੜ੍ਹ ਪੁਲਿਸ ਨੇ ਗੈਰ-ਕਾਨੂੰਨੀ ਤੌਰ 'ਤੇ ਇੱਕ ਗਲੋਕ ਪਿਸਤੌਲ ਅਤੇ 13 ਕਾਰਤੂਸ ਰੱਖਣ ਦਾ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ 3 ਸਤੰਬਰ ਦੀ ਰਾਤ ਸੈਕਟਰ 17/18 ਦੇ ਲਾਈਟ ਪੁਆਇੰਟ ’ਤੇ ਨਾਕਾ ਲਾਇਆ ਹੋਇਆ ਸੀ। ਉਨ੍ਹਾਂ ਨੇ ਸਰਕਾਰੀ ਪ੍ਰੈਸ ਲਾਈਟ ਪੁਆਇੰਟ ਤੋਂ ਆ ਰਹੀ ਇੱਕ ਜੀਪ ਰੁਬੀਕਨ ਐਸਯੂਵੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਗੱਡੀ ਨੂੰ ਏ.ਆਈ.ਜੀ. ਦਾ ਪੁੱਤਰ ਪਰਵਰ ਨਿਸ਼ਾਨ ਸਿੰਘ ਚਲਾ ਰਿਹਾ ਸੀ, ਜਦੋਂ ਕਿ ਉਸਦਾ ਇੱਕ ਦੋਸਤ ਵੀ ਨਾਲ ਬੈਠਾ ਸੀ। ਪੁਲਿਸ ਮੁਤਾਬਕ ਗੱਡੀ ਦੀ ਤਲਾਸ਼ੀ ਲੈਣ 'ਤੇ ਇਕ ਪਿਸਤੌਲ ਅਤੇ 13 ਕਾਰਤੂਸ ਮਿਲੇ, ਜੋ ਡਰਾਈਵਰ ਦੀ ਸੀਟ ਦੇ ਕੋਲ ਪਏ ਸਨ। ਸ਼ੱਕੀ ਪਿਸਤੌਲ ਦਾ ਲਾਇਸੰਸ ਪੇਸ਼ ਕਰਨ ਵਿੱਚ ਅਸਫਲ ਰਿਹਾ। ਗਲੋਕ ਪਿਸਤੌਲਾਂ ਦੀ ਵਰਤੋਂ ਦੇਸ਼ ਦੇ ਵਿਸ਼ੇਸ਼ ਬਲਾਂ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਦੁਆਰਾ ਕੀਤੀ ਜਾਂਦੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਹਥਿਆਰ ਏ.ਆਈ.ਜੀ. ਦਾ ਹੈ ਹਾਲਾਂਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਖ਼ਿਲਾਫ਼ ਸੈਕਟਰ 17 ਦੇ ਪੁਲਿਸ ਸਟੇਸ਼ਨ ਵਿੱਚ ਅਸਲਾ ਐਕਟ ਦੀ ਧਾਰਾ 25, 54 ਅਤੇ 59 ਅਤੇ ਆਈਪੀਸੀ ਦੀ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਜੇ ਤੱਕ ਸ਼ੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਕਿਉਂਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTC News