ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ਮਿਲਿਆ ਏਸ਼ੀਆ ਪੈਸੇਫਿਕ ਬੈਸਟ ਐਵਾਰਡ
ਚੰਡੀਗੜ੍ਹ: ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਦੇਸ਼ ਦੇ ਸਰਵੋਤਮ ਹਵਾਈ ਅੱਡੇ ਦਾ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਐਲਾਨ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਵੱਲੋਂ ਕੀਤਾ ਗਿਆ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ ਪਿਛਲੇ 4 ਸਾਲਾਂ ਤੋਂ ਲਗਾਤਾਰ ਏਸ਼ੀਆ ਪੈਸੀਫਿਕ ਬੈਸਟ ਏਅਰਪੋਰਟ ਐਵਾਰਡ ਜਿੱਤ ਰਿਹਾ ਹੈ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ਸਾਰੇ ਖੇਤਰਾਂ ਵਿੱਚ ਵਧੀਆ ਕੰਮ ਕਰਨ ਨੂੰ ਧਿਆਨ ਵਿੱਚ ਰੱਖਦਿਆਂ ਅੰਕ ਦਿੱਤੇ ਗਏ। ਏਅਰਪੋਰਟ ਦੇ ਸੀ.ਈ.ਓ. ਰਾਕੇਸ਼ ਦਾਂਬਲਾ ਨੇ ਕਿਹਾ ਕਿ ਇਹ ਸਾਰਿਆਂ ਲਈ ਗੌਰਵ ਵਾਲੀ ਗੱਲ ਹੈ। ਇਸ ਸਮੇਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਕੁੱਲ 45 ਜਹਾਜ਼ ਉਡਾਨ ਭਰ ਰਹੇ ਹਨ। ਹਵਾਈ ਅੱਡੇ ਦੇ ਸੀ.ਈ.ਓ. ਨੇ ਦੱਸਿਆ ਕਿ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਨੇ ਲਗਭਗ 250 ਹਵਾਈ ਅੱਡਿਆਂ ਦਾ ਸਰਵੇਖਣ ਕੀਤਾ ਸੀ। ਇਸ ਵਿੱਚ ਮੁਸਾਫਰਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਗਿਆ ਸੀ। ਇਹ ਸਰਵੇਖਣ ਸਫ਼ਾਈ, ਸਹੂਲਤਾਂ, ਪਾਰਕਿੰਗ ਪ੍ਰਬੰਧ, ਜਾਣ ਦਾ ਸਮਾਂ ਅਤੇ ਹੋਰ ਕਈ ਪਹਿਲੂਆਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਇਸ ਵਿੱਚ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ਸਭ ਤੋਂ ਜ਼ਿਆਦਾ ਅੰਕ ਮਿਲੇ ਹਨ। ਜ਼ਿਕਰਯੋਗ ਹੈ ਕਿ ਕੌਮਾਂਤਰੀ ਏਅਰਪੋਰਟ ਅਥਾਰਟੀ ਵੱਲੋਂ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਲੋਕਾਂ ਲਈ ਚੰਡੀਗੜ੍ਹ-ਦੁਬਈ ਉਡਾਨ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਚੰਡੀਗੜ੍ਹ-ਦੁਬਈ ਉਡਾਨ 14 ਮਾਰਚ ਤੋਂ ਸ਼ੁਰੂ ਹੋਵੇਗੀ ਜੋ ਹਫ਼ਤੇ ਵਿੱਚ 4 ਦਿਨ ਚੱਲੇਗੀ। ਲੋਕ ਸੰਪਰਕ ਅਧਿਕਾਰੀ ਕੇ.ਪੀ. ਸਿੰਘ ਨੇ ਦੱਸਿਆ ਕਿ 14 ਤੋਂ 26 ਮਾਰਚ ਤੱਕ ਇਹ ਉਡਾਣ ਕੁਝ ਦਿਨ ਚੱਲੇਗੀ ਅਤੇ 27 ਮਾਰਚ ਤੋਂ ਨਿਯਮਤ ਹੋ ਜਾਵੇਗੀ। ਉਕਤ ਫਲਾਈਟ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਉਡਾਨ ਭਰੇਗੀ। ਇਹ ਵੀ ਪੜ੍ਹੋ : ਲੁਟੇਰਿਆਂ ਨੇ ਐਸਬੀਆਈ ਦਾ ਏਟੀਐਮ ਤੋੜ ਕੇ 23 ਲੱਖ ਰੁਪਏ ਲੁੱਟੇ