Chandigarh Air Show: 4 ਹਜ਼ਾਰ ਪੁਲਿਸ ਮੁਲਾਜ਼ਮਾਂ ਨੇ ਸੰਭਾਲਿਆ ਚਾਰਜ, 35 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ
Chandigarh Air Show 2022: ਭਾਰਤੀ ਹਵਾਈ ਸੈਨਾ ਦਿਵਸ ਦੇ ਮੌਕੇ 'ਤੇ ਅੱਜ ਚੰਡੀਗੜ੍ਹ 'ਚ ਏਅਰ ਸ਼ੋਅ ਹੋ ਰਿਹਾ। ਸੁਖਨਾ ਝੀਲ ਵਿਖੇ ਹੋਣ ਵਾਲੇ ਏਅਰ ਸ਼ੋਅ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਚੰਡੀਗੜ੍ਹ ਪਹੁੰਚ ਰਹੇ ਹਨ। ਅਜਿਹੇ 'ਚ ਅੱਜ ਸ਼ਹਿਰ ਦੀਆਂ ਕਈ ਸੜਕਾਂ 'ਤੇ ਆਵਾਜਾਈ ਠੱਪ ਰਹੇਗੀ। ਸਿਟੀ ਬਿਊਟੀਫੁਲ 'ਚ ਲੋਕਾਂ ਨੂੰ ਤੰਗ-ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ। ਇਸ ਦੇ ਨਾਲ ਹੀ ਚਾਰ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣਗੇ। ਏਅਰ ਸ਼ੋਅ ਨੂੰ ਲੈ ਕੇ ਸੁਖਨਾ ਝੀਲ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਚੰਡੀਗੜ੍ਹ ਪੁਲਿਸ ਦੇ ਚਾਰ ਹਜ਼ਾਰ ਮੁਲਾਜ਼ਮ ਡਿਊਟੀ 'ਤੇ ਹਨ। ਇਸ ਦੇ ਨਾਲ ਹੀ 12 ਕੰਪਨੀਆਂ ਵੀ ਤਾਇਨਾਤ ਕੀਤੀ ਗਈ ਹੈ। ਇਨ੍ਹਾਂ ਵਿੱਚ ਪੰਜਾਬ ਅਤੇ ਹਰਿਆਣਾ ਪੁਲਿਸ, ਬੰਬ ਨਿਰੋਧਕ ਦਸਤਾ ਅਤੇ ਹੋਰ ਵਿੰਗ ਸ਼ਾਮਲ ਹਨ। ਸੁਖਨਾ ਝੀਲ ਨੂੰ ਜਾਣ ਵਾਲੀਆਂ ਸੜਕਾਂ 'ਤੇ ਆਵਾਜਾਈ ਵੀ ਰੋਕ ਦਿੱਤੀ ਗਈ ਹੈ ਅਤੇ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਸੁਖਨਾ ਝੀਲ ਨੂੰ ਜਾਣ ਵਾਲੀਆਂ ਸੜਕਾਂ 'ਤੇ ਟ੍ਰੈਫਿਕ ਬਿਲਕੁਲ ਬੰਦ ਰਹੇਗਾ। ਜੇਕਰ ਗਲਤ ਥਾਂ 'ਤੇ ਵਾਹਨ ਪਾਰਕ ਕੀਤੇ ਜਾਂਦੇ ਹਨ ਤਾਂ ਟ੍ਰੈਫਿਕ ਪੁਲਿਸ ਵਾਹਨਾਂ ਨੂੰ ਜ਼ਬਤ ਕਰ ਲਵੇਗੀ। ਪਿਛਲੇ ਇੱਕ ਹਫ਼ਤੇ ਤੋਂ ਸ਼ਹਿਰ ਵਿੱਚ ਏਅਰ ਸ਼ੋਅ ਦਾ ਜ਼ਬਰਦਸਤ ਉਤਸ਼ਾਹ ਗੂੰਜ ਰਿਹਾ ਹੈ। ਅਜਿਹੇ 'ਚ ਅੱਜ ਦੇ ਸ਼ੋਅ ਦੇ ਨਾਲ ਹੀ ਇਹ ਐਡਵੈਂਚਰ ਅਤੇ ਚਰਚਾਵਾਂ ਰੁਕ ਜਾਣਗੀਆਂ। ਏਅਰ ਸ਼ੋਅ ਨੂੰ ਦੇਖਣ ਲਈ ਕਰੀਬ 35 ਹਜ਼ਾਰ ਲੋਕਾਂ ਦੇ ਆਉਣ ਦੀ ਉਮੀਦ ਹੈ। ਇਹ ਵੀ ਪੜ੍ਹੋ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਰਾਜਨਾਥ ਸਿੰਘ ਚੰਡੀਗੜ੍ਹ ਵਿਚ ਕਰਵਾਏ ਜਾ ਰਹੇ ਏਅਰ ਸ਼ੋਅ 'ਚ ਕਰਨਗੇ ਸ਼ਿਰਕਤ ਏਅਰ ਸ਼ੋਅ ਦੌਰਾਨ ਕੋਈ ਵੀ ਖਾਣ-ਪੀਣ ਦਾ ਸਮਾਨ ਆਪਣੇ ਨਾਲ ਨਹੀਂ ਲਿਜਾਇਆ ਜਾ ਸਕਦਾ। ਪਾਣੀ ਦੀ ਸਿਰਫ਼ ਇੱਕ ਪਾਰਦਰਸ਼ੀ ਬੋਤਲ ਆਪਣੇ ਨਾਲ ਲੈ ਜਾਈ ਜਾ ਸਕਦੀ ਹੈ। ਇਸ ਸਥਿਤੀ 'ਚ ਖ਼ਾਲੀ ਹੱਥ ਜਾਣਾ ਹੀ ਬਿਹਤਰ ਹੋਵੇਗਾ। ਝੀਲ 'ਤੇ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦਾ ਯੋਗ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਿਟਕੋ ਵੱਲੋਂ ਝੀਲ 'ਤੇ ਪਾਣੀ ਦੀਆਂ ਬੋਤਲਾਂ ਵੀ ਵੇਚੀਆਂ ਜਾਣਗੀਆਂ। -PTC News