ਚੰਡੀਗੜ੍ਹ ਦੀ ਜਨਤਾ ਕਾਲੋਨੀ 'ਚ ਨਾਜਾਇਜ਼ ਝੁੱਗੀਆਂ 'ਤੇ ਪ੍ਰਸ਼ਾਸਨ ਦਾ ਚੱਲੇਗਾ 'ਪੀਲਾ ਪੰਜਾ'
ਚੰਡੀਗੜ੍ਹ : ਵਿਨੈ ਪ੍ਰਤਾਪ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਅੱਜ ਮੀਟਿੰਗ ਹੋਈ। ਜਨਤਾ ਕਲੋਨੀ ਸੈਕਟਰ-25 ਵਿਖੇ 15 ਮਈ ਨੂੰ ਨਾਜਾਇਜ਼ ਝੁੱਗੀਆਂ ਨੂੰ ਢਾਹੁਣ ਦੀ ਯੋਜਨਾ ਲਈ ਰੂਪਾਰੇਖਾ ਉਲੀਕੀ ਗਈ। ਇਸ ਤੋਂ ਪਹਿਲਾਂ ਧਰਮਪਾਲ ਸਲਾਹਕਾਰ ਪ੍ਰਸ਼ਾਸਕ ਤੋਂ ਇਸ ਦੀ ਮਨਜ਼ੂਰੀ ਲੈ ਗਈ ਹੈ। 15 ਮਈ ਨੂੰ ਸੈਕਟਰ-25 ਦੀ ਜਨਤਾ ਕਾਲੋਨੀ ਤੋੜਿਆ ਜਾਵੇਗਾ। ਇਸ ਲਈ 4 ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਹਨ। ਇਸ ਕਾਲੋਨੀ ਵਿੱਚ 1500 ਦੇ ਕਰੀਬ ਝੁੱਗੀਆਂ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਲੋਕ ਰਹਿੰਦੇ ਹਨ। ਜਨਤਾ ਕਲੋਨੀ ਵਿੱਚ ਝੁੱਗੀਆਂ/ਢਾਚੇ ਸਰਕਾਰੀ ਜ਼ਮੀਨਾਂ ਉਤੇ ਕੀਤੇ ਨਾਜਾਇਜ਼ ਕਬਜ਼ੇ ਹਨ। ਇਸ ਇਲਾਕੇ ਵਿੱਚ ਕਰੀਬ 10 ਏਕੜ ਸਰਕਾਰੀ ਜ਼ਮੀਨ ਉਤੇ ਨਾਜਾਇਜ਼ ਉਸਾਰੀਆਂ ਕਰ ਕੇ ਕਬਜ਼ਾ ਕੀਤਾ ਹੋਇਆ ਹੈ। ਇਹ ਜ਼ਮੀਨ ਡਿਸਪੈਂਸਰੀ, ਪ੍ਰਾਇਮਰੀ ਸਕੂਲ, ਕਮਿਊਨਿਟੀ ਸੈਂਟਰ ਅਤੇ ਸ਼ਾਪਿੰਗ ਏਰੀਆ ਲਈ ਪਹਿਲਾਂ ਹੀ ਨਿਰਧਾਰਤ ਕੀਤੀ ਜਾ ਚੁੱਕੀ ਹੈ। ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ 15 ਦਿਨ ਪਹਿਲਾਂ ਜਨਤਾ ਕਲੋਨੀ ਵਿਖੇ ਖਾਲੀ ਕਰਵਾਉਣ ਅਤੇ ਢਾਹੁਣ ਲਈ ਨੋਟਿਸ ਬੋਰਡ ਲਗਾ ਦਿੱਤਾ ਹੈ। ਸਥਾਨ 'ਤੇ ਬੇਦਖਲੀ/ਢਾਹੁਣ ਲਈ ਜਨਤਕ ਐਲਾਨ (ਮੁਨਾਦੀ) ਲਗਾਤਾਰ ਚਲਾਈਆਂ ਗਈਆਂ ਹਨ। ਲਗਭਗ 10 ਏਕੜ ਦੇ ਪੂਰੇ ਖੇਤਰ ਨੂੰ ਚਾਰ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਨਾਜਾਇਜ਼ ਝੁੱਗੀਆਂ ਨੂੰ ਢਾਹੁਣ ਦੀ ਕਾਰਵਾਈ ਲਈ 4 ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ ਗਏ ਹਨ। ਇਸ ਮੁਹਿੰਮ ਲਈ ਲੋੜੀਂਦੀ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਇੰਜੀਨੀਅਰਿੰਗ ਵਿਭਾਗ ਨੂੰ ਕਾਰਵਾਈ ਵਾਲੇ ਦਿਨ ਜ਼ਮੀਨ ਦਾ ਕਬਜ਼ਾ ਲੈਣ ਲਈ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਵਿੱਚ ਹੋਰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਅਗਲੀ ਕਾਰਵਾਈ ਕੀਤੀ ਜਾਵੇਗੀ।ਮੀਟਿੰਗ ਵਿੱਚ ਸਮੂਹ ਐਸ.ਡੀ.ਐਮਜ਼, ਸਹਾਇਕ ਅਸਟੇਟ ਅਫ਼ਸਰ, ਸਕੱਤਰ ਚੰਡੀਗੜ੍ਹ ਹਾਊਸਿੰਗ ਬੋਰਡ, ਡੀ.ਐਸ.ਪੀ (ਕੇਂਦਰੀ), ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀ, ਨਗਰ ਨਿਗਮ, ਫਾਇਰ ਅਫ਼ਸਰ, ਤਹਿਸੀਲਦਾਰ (ਕਲੋਨੀਆਂ) ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਹ ਵੀ ਪੜ੍ਹੋ : ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਲੋਕ ਰਾਏ ਬਜਟ: ਹਰਪਾਲ ਸਿੰਘ ਚੀਮਾ