ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਜਾਣਗੇ ਚਲਾਨ: ਡੀ.ਸੀ
ਪਟਿਆਲਾ: ਪਟਿਆਲਾ ਦੀਆਂ ਸੜਕਾਂ ਨੂੰ ਹਾਦਸਾ ਰਹਿਤ ਬਣਾਉਣ ਅਤੇ ਸੁਚਾਰੂ ਆਵਾਜਾਈ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਆਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਾਂਝੀ ਟੀਮ, ਜਿਸ 'ਚ ਟ੍ਰੈਫਿਕ ਪੁਲਿਸ, ਨਗਰ ਨਿਗਮ ਤੇ ਸਿਵਲ ਪ੍ਰਸ਼ਾਸਨ ਸ਼ਾਮਲ ਹੈ, ਵੱਲੋਂ 23 ਜੁਲਾਈ ਭਾਵ ਅੱਜ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਲੀਲਾ ਭਵਨ ਤੋਂ 22 ਨੰਬਰ ਫਾਟਕ ਵਾਲੀ ਸੜਕ 'ਤੇ ਜ਼ੀਰੋ ਟਾਲਰੈਂਸ ਜ਼ੋਨ ਬਣਾਇਆ ਗਿਆ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ 'ਤੇ ਜ਼ੀਰੋ ਟਾਲਰੈਂਸ ਜ਼ੋਨ ਬਣਾਉਣ ਦਾ ਮਕਸਦ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਤ ਕਰਨਾ ਹੈ। ਇਨ੍ਹਾਂ ਜ਼ੋਨਾਂ 'ਚ ਆਵਾਜਾਈ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣਗੇ ਅਤੇ ਕਿਸੇ ਨੂੰ ਕੋਈ ਢਿਲ ਨਹੀਂ ਦਿੱਤੀ ਜਾਵੇਗੀ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸੜਕਾਂ 'ਤੇ ਆਵਾਜਾਈ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਪਟਿਆਲਾ ਸ਼ਹਿਰ ਅੰਦਰਲੀਆਂ ਵੱਖ-ਵੱਖ ਸੜਕਾਂ 'ਤੇ ਇਹ ਜ਼ੋਨ ਇਕ ਮਹੀਨੇ ਲਈ ਲੋਕਾਂ ਨੂੰ ਪਹਿਲਾਂ ਸੂਚਨਾ ਦੇ ਕੇ ਬਣਾਏ ਜਾਣਗੇ ਪਰੰਤੂ ਅਗਲੇ ਮਹੀਨੇ ਤੋਂ ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਜਾਵੇਗੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਰ ਵਧੇਰੇ ਸਖ਼ਤੀ ਵਰਤੀ ਜਾਵੇਗੀ। ਇਸ ਜ਼ੋਨ 'ਚ ਓਵਰ ਸਪੀਡ, ਸੀਟ ਬੈਲਟ, ਹੈਲਮੈਟ, ਰੈਡ ਲਾਈਟ ਜੰਪ, ਗ਼ਲਤ ਪਾਰਕਿੰਗ, ਹਾਈ ਬੀਮ ਲਾਇਟਾਂ ਆਦਿ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੜਕਾਂ ਨੂੰ ਹਾਦਸਾ ਰਹਿਤ ਬਣਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਇਹ ਵੀ ਪੜ੍ਹੋ:NIA ਵੱਲੋਂ ਭਗੌੜੇ ਅੱਤਵਾਦੀ ਹਰਦੀਪ ਨਿੱਝਰ 'ਤੇ 10 ਲੱਖ ਰੁਪਏ ਦਾ ਨਕਦ ਇਨਾਮ ਦਾ ਐਲਾਨ -PTC News