ਲੇਡੀ ਫਾਤਿਮਾ ਸਕੂਲ 'ਚ ਡੇਂਗੂ ਦਾ ਲਾਰਵਾ ਮਿਲਣ ਕਾਰਨ ਕੱਟਿਆ ਚਲਾਨ
ਪਟਿਆਲਾ : ਪੰਜਾਬ ਵਿੱਚ ਡੇਂਗੂ ਹੌਲੀ-ਹੌਲੀ ਆਪਣੇ ਪੈਰ ਪਸਾਰ ਰਿਹਾ ਹੈ। ਸਿਹਤ ਵਿਭਾਗ ਵੱਲੋਂ ਇਸ ਸਬੰਧੀ ਲੋਕਾਂ ਨੂੰ ਸਮੇਂ-ਸਮੇਂ ਉਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਘਰਾਂ ਵਿੱਚ ਸਫ਼ਾਈ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਇਸ ਤੋਂ ਇਲਾਵਾ ਜਨਤਕ ਥਾਵਾਂ, ਸਰਕਾਰੀ ਦਫਤਰਾਂ ਤੇ ਸਰਕਾਰੀ ਇਮਾਰਤਾਂ ਵਿੱਚ ਵੀ ਸਫ਼ਾਈ ਰੱਖਣ ਅਤੇ ਪਾਣੀ ਨਾ ਜਮ੍ਹਾਂ ਹੋਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡੇਂਗੂ ਦੇ ਫੈਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਨਗਰ ਨਿਗਮ ਅਤੇ ਸਿਹਤ ਵਿਭਾਗ ਦੀ ਟੀਮ ਨੇ ਸਾਂਝੇ ਤੌਰ 'ਤੇ ਡੇਂਗੂ ਦੇ ਲਾਰਵੇ ਦੀ ਖੋਜ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਡੇਂਗੂ ਤੇ ਹੋਰ ਬਿਮਾਰੀਆਂ ਦੇ ਖ਼ਦਸ਼ੇ ਕਾਰਨ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ। ਇਸ ਟੀਮ ਨੇ ਲੇਡੀ ਫਾਤਿਮਾ ਸਕੂਲ 'ਚ ਛਾਪਾ ਮਾਰ ਕੇ ਵੱਡੀ ਮਾਤਰਾ 'ਚ ਡੇਂਗੂ ਦਾ ਲਾਰਵਾ ਬਰਾਮਦ ਕਰ ਕੇ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਤੇ ਮੌਕੇ ਉਤੇ ਸਕੂਲ ਦਾ ਚਲਾਨ ਕੱਟ ਦਿੱਤਾ। ਚਲਾਨ ਕੱਟਣ ਵਾਲੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਇੰਦਰਜੀਤ ਤੇ ਰਾਜੇਸ਼ ਮੱਟੂ ਨੇ ਸਾਂਝੇ ਤੌਰ ਉਤੇ ਦੱਸਿਆ ਕਿ ਉਹ ਸਿਹਤ ਵਿਭਾਗ ਦੀ ਟੀਮ ਨਾਲ ਲੇਡੀ ਆਫ ਫਾਤਿਮਾ ਸਕੂਲ 'ਚ ਰੂਟੀਨ ਚੈਕਿੰਗ ਲਈ ਗਏ ਸਨ। ਸਕੂਲ ਦੀ ਚਾਰਦੀਵਾਰੀ ਵਿੱਚ ਬਣੇ ਕੁਆਰਟਰਾਂ ਦੇ ਬਾਹਰ ਰੱਖੇ ਗਮਲਿਆਂ ਵਿੱਚ ਪਾਣੀ ਭਰਿਆ ਹੋਇਆ ਸੀ, ਜਿਸ 'ਚੋਂ ਜਾਂਚ ਦੌਰਾਨ ਵੱਡੀ ਮਾਤਰਾ ਵਿੱਚ ਲਾਰਵਾ ਬਰਾਮਦ ਹੋਇਆ। ਮੌਕੇ ਉਤੇ ਸਿਹਤ ਵਿਭਾਗ ਨੇ ਲਾਰਵੇ ਦੀ ਪੁਸ਼ਟੀ ਕੀਤੀ ਤੇ ਨਿਗਮ ਅਧਿਕਾਰਿਆਂ ਨੇ ਸਕੂਲ ਦਾ ਚਲਾਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਕੂਲ ਪ੍ਰਬੰਧਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਨਿਗਮ ਦੀ ਟੀਮ ਨੇ ਪਿਛਲੇ ਇਕ ਹਫਤੇ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਡੇਂਗੂ ਦਾ ਲਾਰਵਾ ਮਿਲਣ 'ਤੇ 100 ਦੇ ਕਰੀਬ ਚਲਾਨ ਕੱਟੇ ਹਨ। ਹਰ ਚਲਾਨ ਉਪਰ ਭਾਰੀ ਜੁਰਮਾਨਾ ਵਸੂਲਿਆ ਜਾ ਰਿਹਾ ਹੈ, ਜਿਨ੍ਹਾਂ ਨੇ ਅਜੇ ਤੱਕ ਚਲਾਨ ਦਾ ਜੁਰਮਾਨਾ ਨਹੀਂ ਭਰਿਆ, ਉਨ੍ਹਾਂ ਚਲਾਨਾਂ ਨੂੰ ਅਗਲੀ ਕਾਰਵਾਈ ਲਈ ਅਦਾਲਤ ਵਿੱਚ ਭੇਜਿਆ ਜਾਵੇਗਾ। ਰਿਪੋਰਟ-ਗਗਨਦੀਪ ਆਹੂਜਾ ਇਹ ਵੀ ਪੜ੍ਹੋ : ਇਤਰਾਜ਼ਯੋਗ ਫੋਟੋਸ਼ੂਟ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ