ਲੰਬੀ ਉਡੀਕ ਤੋਂ ਬਾਅਦ ਭਾਰੀ ਵਾਹਨਾਂ ਲਈ ਖੋਲ੍ਹਿਆ ਗਿਆ ਚੱਕੀ ਪੁਲ
ਪਠਾਨਕੋਟ, 18 ਸਤੰਬਰ: ਭਾਰੀ ਬਰਸਾਤ ਕਾਰਨ ਭਾਰੀ ਵਾਹਨਾਂ ਲਈ ਬੰਦ ਕੀਤੇ ਚੱਕੀ ਪੁਲ ਨੂੰ 25 ਦਿਨਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਐਤਵਾਰ ਨੂੰ ਖੋਲ੍ਹ ਦਿੱਤਾ ਗਿਆ। ਪੰਜਾਬ ਤੇ ਹਿਮਾਚਲ ਨੂੰ ਜੋੜਨ ਵਾਲੇ ਚੱਕੀ ਪੁਲ ਨੂੰ ਭਾਰੀ ਵਾਹਨਾਂ ਲਈ ਖੋਲ੍ਹਦਿਆਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਜ਼ਿਕਰਯੋਗ ਹੈ ਕਿ ਸ਼ਨੀਵਾਰ ਸ਼ਾਮ ਨੂੰ NHAI ਦੀ ਟੀਮ ਵੱਲੋਂ ਚੱਕੀ ਪੁਲ ਦਾ ਨਿਰੀਖਣ ਕੀਤਾ ਗਿਆ। ਇਸ ਤੋਂ ਬਾਅਦ NHAI ਨੇ ਚੱਕੀ ਪੁਲ ਨੂੰ ਵੱਡੇ ਅਤੇ ਭਾਰੀ ਵਾਹਨਾਂ ਲਈ ਖੋਲ੍ਹਣ ਦੀ ਰਿਪੋਰਟ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਸੀ। ਇਸ ਦੇ ਨਾਲ ਹੀ NHAI ਦੀ ਰਿਪੋਰਟ 'ਤੇ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਨੇ ਐਤਵਾਰ ਸਵੇਰੇ ਚੱਕੀ ਪੁਲ ਨੂੰ ਭਾਰੀ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ। ਚੱਕੀ ਪੁਲ ਵਿਚ ਹੜ੍ਹ ਅਤੇ ਪਾਣੀ ਦਾ ਪੱਧਰ ਵਧਣ ਕਾਰਨ ਪੁਲ ਦੇ ਦੋ ਪਿੱਲਰ ਪੀ-1 ਅਤੇ ਪੀ-2 ਖਤਰੇ ਵਿਚ ਸਨ ਅਤੇ ਲੋਕਾਂ ਅਤੇ ਪੁਲ ਦੀ ਸੁਰੱਖਿਆ ਲਈ NHAI ਨੇ ਇਸ ਨੂੰ ਅਗਸਤ ਤੋਂ ਤੁਰੰਤ ਪ੍ਰਭਾਵ ਨਾਲ ਆਵਾਜਾਈ ਲਈ ਬੰਦ ਕਰਨ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਚੱਕੀ ਪੁਲ ’ਤੇ ਆਵਾਜਾਈ ਬੰਦ ਕਰ ਦਿੱਤੀ ਸੀ। ਕਾਬਲੇਗੌਰ ਹੈ ਕਿ NHAI ਦੀ ਟੀਮ ਫੌਜ ਦੀ ਮਦਦ ਨਾਲ ਪੁਲ ਦੇ ਸੰਵੇਦਨਸ਼ੀਲ ਖੰਭਿਆਂ ਨੂੰ ਬਚਾਉਣ ਵਿੱਚ ਜੁੱਟ ਗਈ ਸੀ। ਮੰਡੀ-ਪਠਾਨਕੋਟ NH 'ਤੇ ਚੱਕੀ ਪੁਲ ਪੰਜਾਬ ਅਤੇ ਹਿਮਾਚਲ ਨੂੰ ਜੋੜਦਾ ਹੈ। ਇਸ ਪੁਲ ਤੋਂ ਦੋਵਾਂ ਸੂਬਿਆਂ ਦਰਮਿਆਨ ਆਵਾਜਾਈ ਅਤੇ ਖਾਣ-ਪੀਣ ਦੀਆਂ ਵਸਤਾਂ ਸਮੇਤ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਹੁੰਦੀ ਹੈ। -PTC News