ਡਾ. ਰਾਜੂ ਨੇ ਆਜ਼ਾਦ, ਨਿਰਪੱਖ, ਨਿਰਵਿਘਨ, ਸੁਰੱਖਿਅਤ ਤੇ ਸ਼ਾਂਤੀਪੂਰਨ ਪੋਲਿੰਗ ਲਈ ਵੋਟਰਾਂ ਦਾ ਕੀਤਾ ਧੰਨਵਾਦ
ਚੰਡੀਗੜ੍ਹ, 18 ਜੁਲਾਈ: ਪੰਜਾਬ ਵਿੱਚ ਸੋਮਵਾਰ ਨੂੰ ਰਾਸ਼ਟਰਪਤੀ ਚੋਣਾਂ 2022 ਲਈ ਪੋਲਿੰਗ ਅਮਨ-ਅਮਾਨ ਨਾਲ ਸੰਪੰਨ ਹੋ ਗਈ, ਜਿਸ ਵਿੱਚ 114 ਵਿਧਾਨ ਸਭਾ ਮੈਂਬਰਾਂ (ਵਿਧਾਇਕਾਂ) ਨੇ ਆਜ਼ਾਦ, ਨਿਰਪੱਖ, ਨਿਰਵਿਘਨ, ਸੁਰੱਖਿਅਤ ਅਤੇ ਸ਼ਾਂਤਮਈ ਢੰਗ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਦੂਜੇ ਰਾਜਾਂ ਦੇ ਕਿਸੇ ਵੀ ਸੰਸਦ ਮੈਂਬਰ ਅਤੇ ਵਿਧਾਇਕ ਨੇ ਰਾਜ ਦੇ ਪੋਲਿੰਗ ਸਥਾਨਾਂ 'ਤੇ ਆਪਣੀ ਵੋਟ ਨਹੀਂ ਪਾਈ ਹੈ। ਡਾ. ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਕੀਤੇ ਗਏ ਸਨ ਅਤੇ ਸਖ਼ਤ ਸੁਰੱਖਿਆ ਵਿਚਕਾਰ ਪੰਜਾਬ ਵਿਧਾਨ ਸਭਾ ਵਿਖੇ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਸਵੇਰੇ 10 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਵਿੱਚੋਂ ਪ੍ਰਮੁੱਖ ਸਨ ਜਿਨ੍ਹਾਂ ਨੇ ਬੈਲਟ ਪੇਪਰ ਰਾਹੀਂ ਆਪਣੀ ਵੋਟ ਪਾਈ। ਹੋਰ ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਸੀਈਓ ਨੇ ਕਿਹਾ ਕਿ ਪੋਲ ਦੇ ਅੰਤ ਵਿੱਚ ਹਰੇਕ ਚੋਣ ਲੜ ਰਹੇ ਉਮੀਦਵਾਰ ਦੇ ਅਧਿਕਾਰਤ ਪ੍ਰਤੀਨਿਧੀ ਨੂੰ ਫਾਰਮ 6 (ਬੈਲਟ ਪੇਪਰ ਅਕਾਉਂਟ) ਦੀ ਇੱਕ ਕਾਪੀ ਪ੍ਰਦਾਨ ਕੀਤੀ ਗਈ ਹੈ। ਇਸ ਦੌਰਾਨ ਵੋਟਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਚੋਣ ਲੜ ਰਹੇ ਉਮੀਦਵਾਰਾਂ ਦੇ ਨੁਮਾਇੰਦਿਆਂ ਅਤੇ ਅਬਜ਼ਰਵਰ ਦੀ ਹਾਜ਼ਰੀ ਵਿੱਚ ਬੈਲਟ ਬਾਕਸ ਅਤੇ ਹੋਰ ਦਸਤਾਵੇਜ਼ਾਂ ਵਾਲੇ ਲੱਕੜ ਦੇ ਡੱਬੇ ਨੂੰ ਸੀਲ ਕਰ ਦਿੱਤਾ ਗਿਆ। ਸੀਲਬੰਦ ਪੋਲਡ ਬੈਲਟ ਬਾਕਸ ਅਤੇ ਵਰਤੇ ਅਤੇ ਅਣਵਰਤੀ ਚੋਣ ਸਮੱਗਰੀ ਨੂੰ ਅੱਜ ਸ਼ਾਮ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਸਕੱਤਰ, ਪੰਜਾਬ ਵਿਧਾਨ ਸਭਾ ਸੁਰਿੰਦਰ ਪਾਲ ਅਤੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਸੰਯੁਕਤ ਸਕੱਤਰ, ਪੰਜਾਬ ਵਿਧਾਨ ਸਭਾ ਰਾਮ ਲੋਕ ਖਟਾਨਾ ਰਾਹੀਂ ਹਵਾਈ ਜਹਾਜ਼ ਰਾਹੀਂ ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾਵੇਗਾ। ਇਹ ਵੀ ਪੜ੍ਹੋ: ਗੈਂਗਸਟਰ ਜਗਰੂਪ ਸਿੰਘ ਦਾ ਸਾਥੀ ਪਰਮਦਲੀਪ ਸਿੰਘ ਉਰਫ ਪੰਮਾ 20 ਲੱਖ ਰੁਪਏ, ਸੋਨੇ, ਚਾਂਦੀ ਦੇ ਗਹਿਣੇ ਅਤੇ ਕਾਰਾਂ ਪੁਲਿਸ ਦੀ ਗ੍ਰਿਫਤ 'ਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਨੁਮਾਇੰਦਿਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ। -PTC News