ਕੇਂਦਰੀ ਟਰੇਡ ਯੂਨੀਅਨ ਦੇ ਸਾਂਝੇ ਫੋਰਮ ਵੱਲੋਂ ਕੱਲ੍ਹ ਤੋਂ ਭਾਰਤ ਬੰਦ ਦਾ ਸੱਦਾ
ਚੰਡੀਗੜ੍ਹ : ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਫੋਰਮ ਨੇ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੀ ਹਮਾਇਤ ਵਿੱਚ ਕੇਂਦਰ ਸਰਕਾਰ ਦੀਆਂ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਖਿਲਾਫ਼ 28 ਅਤੇ 29 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਬੈਂਕ ਇੰਪਲਾਈਜ਼ ਯੂਨੀਅਨਾਂ ਨੇ ਟਰੇਡ ਯੂਨੀਅਨ ਵੱਲੋਂ ਦਿੱਤੇ ਦੋ ਰੋਜ਼ਾ ਦੇਸ਼ ਪੱਧਰੀ ਹੜਤਾਲ ਦੇ ਸੱਦੇ ਦਾ ਸਮਰਥਨ ਕੀਤਾ ਹੈ, ਜਿਸ ਕਾਰਨ ਸੋਮਵਾਰ ਅਤੇ ਮੰਗਲਵਾਰ ਨੂੰ ਬੈਂਕਿੰਗ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਰਹਿ ਸਕਦੀਆਂ ਹਨ। ਕੇਂਦਰ ਟਰੇਡ ਯੂਨੀਅਨਾਂ ਅਤੇ ਵੱਖ-ਵੱਖ ਖੇਤਰ ਦੀਆਂ ਆਜ਼ਾਦ ਟਰੇਡ ਯੂਨੀਅਨਾਂ ਦੇ ਸਾਂਝੇ ਫੋਰਮ ਨੇ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਨੂੰ ਲੋਕ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਕਰਾਰ ਦਿੰਦਿਆਂ 28 ਤੇ 29 ਮਾਰਚ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੀਆਂ ਮੰਗਾਂ ਵਿੱਚ ਲੇਬਰ ਕੋਡ ਨੂੰ ਰੱਦ ਕਰਨ, ਕੌਮੀ ਮੁਦਰੀਕਰਨ ਨੀਤੀ (ਐੱਨਐੱਮਪੀ) ਨੂੰ ਖ਼ਤਮ ਕਰਨ, ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ, ਮਗਨਰੇਗਾ ਤਹਿਤ ਦਿਹਾੜੀ ਵਧਾਉਣ ਅਤੇ ਠੇਕਾ ਕਾਮਿਆਂ ਨੂੰ ਪੱਕੇ ਕਰਨਾ ਆਦਿ ਸ਼ਾਮਲ ਹਨ। ਬੈਂਕਾਂ ਦੀ ਯੂਨੀਅਨ ਏਆਈਬੀਈਏ ਨੇ ਇਸ ਸੱਦੇ ਦਾ ਸਮਰਥਨ ਕੀਤਾ ਹੈ ਅਤੇ ਬੈਂਕਿੰਗ ਖੇਤਰਾਂ ਦੀਆਂ ਮੰਗਾਂ ’ਤੇ ਧਿਆਨ ਕੇਂਦਰਿਤ ਕਰਨ ਲਈ ਇਸ ਹੜਤਾਲ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਉਧਰ, ਹੜਤਾਲ ਦੇ ਮੱਦੇਨਜ਼ਰ ਬਿਜਲੀ ਮੰਤਰਾਲੇ ਨੇ ਸਾਰੇ ਸਰਕਾਰੀ ਅਦਾਰਿਆਂ ਅਤੇ ਹੋਰ ਏਜੰਸੀਆਂ ਨੂੰ ਹਾਈ ਅਲਰਟ ’ਤੇ ਰਹਿਣ, ਨਿਰਵਿਘਨ ਬਿਜਲੀ ਸਪਲਾਈ ਜਾਰੀ ਰੱਖਣ ਅਤੇ ਕੌਮੀ ਗਰਿੱਡ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਟਰੇਡ ਯੂਨੀਅਨਾਂ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਰੋਡਵੇਜ਼, ਟਰਾਂਸਪੋਰਟ ਕਾਮਿਆਂ ਅਤੇ ਬਿਜਲੀ ਕਾਮਿਆਂ ਨੇ ਵੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਰੇਲਵੇ ਅਤੇ ਰੱਖਿਆ ਖੇਤਰ ਦੀਆਂ ਯੂਨੀਅਨਾਂ ਸੈਂਕੜੇ ਥਾਵਾਂ 'ਤੇ ਹੜਤਾਲ ਦੀ ਹਮਾਇਤ ਵਿੱਚ ਜਨਤਕ ਲਾਮਬੰਦੀ ਕਰਨਗੀਆਂ। ਕੋਲਾ, ਸਟੀਲ, ਤੇਲ, ਦੂਰਸੰਚਾਰ, ਡਾਕ, ਇਨਕਮ ਟੈਕਸ, ਤਾਂਬਾ ਅਤੇ ਬੀਮਾ ਵਰਗੇ ਵੱਖ-ਵੱਖ ਹੋਰ ਖੇਤਰਾਂ ਦੇ ਕਾਮਿਆਂ ਦੇ ਹੜਤਾਲ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਕਿਹਾ ਹੈ ਕਿ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਐਸਬੀਆਈ ਨੇ ਕਿਹਾ, "ਅਸੀਂ ਸਲਾਹ ਦਿੰਦੇ ਹਾਂ ਕਿ ਹਾਲਾਂਕਿ ਬੈਂਕ ਨੇ ਹੜਤਾਲ ਦੇ ਦਿਨਾਂ ਵਿੱਚ ਆਪਣੀਆਂ ਬ੍ਰਾਂਚਾਂ ਅਤੇ ਦਫ਼ਤਰਾਂ ਵਿੱਚ ਆਮ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਹਨ ਪਰ ਸੰਭਾਵਨਾ ਹੈ ਕਿ ਹੜਤਾਲ ਕਾਰਨ ਸਾਡੇ ਬੈਂਕ ਵਿੱਚ ਕੰਮ ਕੁਝ ਹੱਦ ਤੱਕ ਪ੍ਰਭਾਵਿਤ ਹੋ ਸਕਦਾ ਹੈ।" ਹਾਲਾਂਕਿ, ਦੇਸ਼ ਵਿਆਪੀ ਹੜਤਾਲ ਦਾ ਪੱਛਮੀ ਬੰਗਾਲ ਵਿੱਚ ਸੀਮਤ ਪ੍ਰਭਾਵ ਪਏਗਾ ਕਿਉਂਕਿ ਸਰਕਾਰ ਨੇ ਇੱਕ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸਾਰੇ ਦਫ਼ਤਰ ਖੁੱਲ੍ਹੇ ਰਹਿਣਗੇ ਅਤੇ ਕਰਮਚਾਰੀਆਂ ਨੂੰ ਲਾਜ਼ਮੀ ਤੌਰ 'ਤੇ ਡਿਊਟੀ 'ਤੇ ਰਿਪੋਰਟ ਕਰਨਾ ਪਏਗਾ। ਵੱਖ-ਵੱਖ ਟਰੇਡ ਯੂਨੀਅਨਾਂ ਵੱਲੋਂ 28 ਅਤੇ 29 ਮਾਰਚ ਨੂੰ 48 ਘੰਟੇ ਦੀ ਦੇਸ਼ ਵਿਆਪੀ ਹੜਤਾਲ/ਬੰਦ ਦੇ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ, ਸੂਬੇ ਦੇ ਸਾਰੇ ਸਰਕਾਰੀ ਦਫ਼ਤਰ ਖੁੱਲ੍ਹੇ ਰਹਿਣਗੇ ਅਤੇ ਕਰਮਚਾਰੀ ਉਨ੍ਹਾਂ ਦਿਨਾਂ ਵਿੱਚ ਡਿਊਟੀ ਲਈ ਰਿਪੋਰਟ ਕਰਨਗੇ। ਇਹ ਵੀ ਪੜ੍ਹੋ : ਆਮਿਰ ਖ਼ਾਨ ਨੇ ਫਿਲਮ ਇੰਡਸਟਰੀ ਛੱਡਣ ਦਾ ਬਣਾ ਲਿਆ ਸੀ ਮਨ, ਜਾਣੋ ਕਾਰਨ