ਕੇਂਦਰ ਆਪਣੀ ਜਿੱਦ ਛੱਡ ਕੇ ਕਿਸਾਨਾਂ ਬਾਰੇ ਸੋਚੇ: ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਮਾਸੂਮ ਕਿਸਾਨਾਂ ਨਾਲ ਖੇਡਾਂ ਖੇਡਣੀਆਂ ਬੰਦ ਕਰੇ ਅਤੇ ਬਿਨਾਂ ਸ਼ਰਤ ਤਿੰਨ ਖ਼ੇਤੀ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਪ੍ਰਵਾਨ ਕਰੇ। ਕਿਸਾਨੀ ਮੁੱਦਿਆਂ 'ਤੇ ਅੱਜ ਕੇਂਦਰੀ ਖੇਤੀ ਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਪਿਯੂਸ਼ ਗੋਇਲ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਕਿਸਾਨੀ ਮੁੱਦੇ 'ਤੇ ਆਪਣੀਆਂ ਦਲੀਲਾਂ ਨੂੰ ਰੱਖਿਆ।
ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਵੀ ਕੇਂਦਰ ਨੂੰ ਜਵਾਬ ਦਿੰਦੇ ਹੋਏ ਆਪਣੀ ਗੱਲ ਰੱਖੀ, ਅਤੇ ਕੇਂਦਰ ਦੀਆਂ ਸ਼ਰਤਾਂ ਨੂੰ ਮਨਣ 'ਤੇ ਇਨਕਾਰ ਕਰ ਦਿੱਤਾ। ਖੇਤੀਬਾੜੀ ਮੰਤਰੀ ਦੀ ਇਸ ਅਪੀਲ ਮਗਰੋਂ ਸਿੰਘੂ ਸਰਹੱਦ 'ਤੇ ਡਟੀਆਂ ਕਿਸਾਨ ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਰੇਲ ਪਟੜੀਆਂ ਰੋਕਾਂਗੇ, ਜਲਦੀ ਹੀ ਤਾਰੀਖ਼ ਦਾ ਐਲਾਨ ਕਰਾਂਗੇ।
ਉਥੇ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਕਿਸਾਨਾਂ ਵਲੋਂ ਭਾਰਤ ਸਰਕਾਰ ਦੀਆਂ ਤਜਵੀਜ਼ਾਂ ਰੱਦ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਹ ਤਜਵੀਜ਼ਾਂ ਹੋਰ ਕੁਝ ਨਹੀਂ ਸਗੋਂ ਧਿਆਨ ਵੰਡਾਊ ਤਰਕੀਬਾਂ ਹਨ, ਜਿਨ੍ਹਾਂ ਨੂੰ ਕਿਸਾਨਾ ਨੇ ਰੱਦ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਅਸੀਂ ਹਰ ਮਾਮਲੇ ਵਿਚ ਤੇ ਹਰ ਤਰੀਕੇ ਨਾਲ ਕਿਸਾਨਾਂ ਦੇ ਨਾਲ ਹਾਂ।