CM ਚਰਨਜੀਤ ਸਿੰਘ ਚੰਨੀ ਤੇ ਸਿੱਧੂ ਮੂਸੇਵਾਲਾ ਖਿਲਾਫ਼ ਕੇਸ ਦਰਜ, ਜਾਣੋ ਵਜ੍ਹਾ
ਮਾਨਸਾ: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਸਿਰਫ਼ 1 ਦਿਨ ਬਾਕੀ ਰਹਿ ਗਏ ਹਨ। ਇਸ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਅਤੇ ਆਗੂਆਂ ਵੱਲੋਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਚੋਣ ਪਿੜ ਭਖਦਾ ਜਾ ਰਿਹਾ ਹੈ। ਪੰਜਾਬ 'ਚ ਚੋਣ ਪ੍ਰਚਾਰ ਬੀਤੇ ਦਿਨ 18 ਫਰਵਰੀ ਸ਼ਾਮ ਨੂੰ ਖ਼ਤਮ ਹੋ ਗਿਆ। ਇਸ ਵਿਚਾਲੇ ਚੋਣ ਪ੍ਰਚਾਰ ਬੰਦ ਹੋਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇ ਵਾਲਾ ਵੱਲੋਂ ਚੋਣ ਪ੍ਰਚਾਰ ਕੀਤੇ ਜਾਣ 'ਤੇ ਚੋਣ ਕਮਿਸ਼ਨ ਨੇ ਐੱਫ਼ ਆਈ ਆਰ ਦਰਜ ਕਰਵਾਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੇ ਇਹ ਕਾਰਵਾਈ ਮੁੱਖ ਮੰਤਰੀ ਚੰਨੀ ਤੇ ਸਿੱਧੂ ਮੂਸੇ ਵਾਲਾ ਵੱਲੋਂ 18 ਫਰਵਰੀ ਨੂੰ ਸ਼ਾਮ 6 ਵਜੇ ਪ੍ਰਚਾਰ ਬੰਦ ਹੋਣ ਤੋਂ ਬਾਅਦ ਚੋਣ ਪ੍ਰਚਾਰ ਕਰਨ ਕਾਰਨ ਇਹ ਐੱਫ਼ ਆਈ ਆਰ ਧਾਰਾ 188 ਤਹਿਤ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਕੱਲ੍ਹ ਚੋਣਾਂ ਪ੍ਰਚਾਰ ਦਾ ਆਖ਼ਿਰੀ ਦਿਨ ਹੈ। ਇਹ ਕਾਰਵਾਈ ਰਿਟਰਨਿੰਗ ਅਫ਼ਸਰ ਨੇ ਕਰਵਾਈ ਹੈ। ਇਹ ਕਾਰਵਾਈ ਆਮ ਆਦਮੀ ਪਾਰਟੀ ਦੇ ਸਥਾਨਕ ਉਮੀਦਵਾਰ ਵਿਜੇ ਸਿੰਗਲਾ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਰਿਪੋਰਟਾਂ ਹਨ ਕਿ ਮੁੱਖ ਮੰਤਰੀ ਤੇ ਸਿੱਧੂ ਮੂਸੇ ਵਾਲਾ ਸ਼ਾਮ 7 ਵਜੇ ਮਾਨਸਾ ਦੀਆਂ ਗਲੀਆਂ ਵਿਚ ਪ੍ਰਚਾਰ ਕਰ ਰਹੇ ਸਨ। ਇਹ ਵੀ ਪੜ੍ਹੋ:ਚੋਣਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, ਇਕ ਨੌਜਵਾਨ ਦਾ ਕਤਲ ਇਸ ਸਬੰਧੀ ਜਦੋਂ ਮਾਨਸਾ ਦੇ ਰਿਟਰਨਿੰਗ ਅਫ਼ਸਰ ਨੂੰ ਪਤਾ ਲੱਗਾ ਤਾਂ ਉਹ ਮੌਕੇ ’ਤੇ ਪੁੱਜੇ ਪਰ ਉਦੋਂ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਥੋਂ ਜਾ ਚੁੱਕੇ ਸੀ। ਇਸ ਬਾਰੇ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਮਾਨਸਾ ਨੇ ਦੱਸਿਆ ਕਿ ਉਹ ਲੋਕਾਂ ਤੋਂ ਜਾਣਕਾਰੀ ਲੈ ਰਹੇ ਹਨ ਅਤੇ ਐਫਐਸਟੀ ਟੀਮ ਦੀ ਵੀਡੀਓ ਰਿਕਾਰਡਿੰਗ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਪਾਸੇ ਵੱਡਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣ ਮਾਨਸਾ ਆਇਆ ਹਾਂ ਅਤੇ ਬੇਸ਼ੱਕ ਥੋੜ੍ਹੀ ਦੇਰ ਹੋ ਗਈ ਜਿਸ ਕਾਰਨ ਮੈਂ ਲੋਕਾਂ ਨੂੰ ਮਿਲ ਕੇ ਉਨ੍ਹਾਂ ਤੋਂ ਮੁਆਫੀ ਨਹੀਂ ਮੰਗ ਸਕਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਹੋਣਹਾਰ ਨੌਜਵਾਨ ਹੈ ਅਤੇ ਮੈਂ ਸਮੂਹ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਿੱਧੂ ਮੂਸੇਵਾਲਾ ਨੂੰ ਹੀ ਚੁਣਨ ਕਿਉਂਕਿ ਉਨ੍ਹਾਂ ਨੂੰ ਚੁਣਨ ਦੇ ਨਾਲ-ਨਾਲ ਤੁਸੀਂ ਮੈਨੂੰ ਵੀ ਚੁਣਦੇ ਹੋ, ਜਿਸ ਨਾਲ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਨੂੰ ਬਹੁਤ ਦੂਰ ਲੈ ਕੇ ਜਾਣਾ ਚਾਹੁੰਦੇ ਹਾਂ, ਇਸ ਲਈ ਅਸੀਂ ਪੰਜਾਬ ਚੋਂ ਇੱਕ ਹੋਣਹਾਰ ਨੌਜਵਾਨ ਲੱਭ ਕੇ ਮਾਨਸਾ ਵਾਸੀਆਂ ਨੂੰ ਦਿੱਤਾ ਹੈ। -PTC News