ਪੁਲਿਸ ਮੁਲਾਜ਼ਮ ਦੀ ਗੱਡੀ 'ਚ ਬੰਬ ਮਿਲਣ ਦਾ ਮਾਮਲਾ: ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਬੀਤੇ ਦਿਨੀਂ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਕਾਰ ਹੇਠੋਂ ਵਿਸਫੋਟਕ ਪਦਾਰਥ ਮਿਲਣ ਦੇ ਮਾਮਲੇ 'ਚ ਗ੍ਰਿਫਤਾਰ ਹਰਪਾਲ ਸਿੰਘ ਤੇ ਫਤਿਹ ਸਿੰਘ ਨੂੰ ਅੱਜ ਸਵੇਰੇ ਅੰਮ੍ਰਿਤਸਰ ਪੁਲਿਸ ਵੱਲੋਂ ਸੀਜੇਅੇੈਮ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਵੱਲੋਂ ਮੁਲਜ਼ਮਾਂ ਨੂੰ ਅੱਠ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਦੱਸ ਦਈਏ ਕਿ ਗ੍ਰਿਫ਼ਤਾਰ ਕੀਤੇ ਗਏ ਦੋਨਾਂ ਦੋਸ਼ੀਆਂ ਵਿੱਚੋਂ ਇਕ ਪੁਲਿਸ ਮੁਲਾਜ਼ਮ ਹੈ। ਕਾਬੂ ਕੀਤੇ ਪੁਲਿਸ ਮੁਲਾਜ਼ਮ ਦਾ ਨਾਮ ਹਰਪਾਲ ਸਿੰਘ ਹੈ ਅਤੇ ਉਸਦੇ ਸਾਥੀ ਦਾ ਨਾਮ ਫਤਿਹਦੀਪ ਸਿੰਘ ਹੈ। ਪੁਲਿਸ ਨੇ ਬੀਤੇ ਦਿਨੀ ਦਿੱਲੀ ਏਅਰਪੋਰਟ ਤੋਂ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਦੋਵੇਂ ਨੌਜਵਾਨ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ 'ਚ ਸਬ ਇੰਸਪੈਕਟਰ ਦੀ ਗੱਡੀ ਹੇਠ ਬੰਬ ਲਾਇਆ ਗਿਆ ਸੀ ਜਿਸ ਤਹਿਤ ਅੱਜ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਬੰਬ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ:ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ ਸ਼ਰਟ ਪਾ ਕੇ ਸ੍ਰੀ ਦਰਬਾਰ ਸਾਹਿਬ ਪਹੁੰਚਿਆ ਕਾਂਗਰਸੀ ਵਰਕਰ
ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਕਾਰ ਹੇਠੋਂ ਵਿਸਫੋਟਕ ਪਦਾਰਥ ਮਿਲਿਆ ਸੀ। ਹੁਣ ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਬਰਾਮਦ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁੱਤੇ ਵੱਲੋਂ ਗੱਡੀ ਹੇਠਾਂ ਬੰਬ 'ਚ ਲੱਗੀਆਂ ਤਾਰਾਂ ਖਿੱਚੀਆਂ ਗਈਆਂ ਸਨ, ਤਾਰਾਂ ਖਿੱਚਣ ਕਾਰਨ ਬੰਬ ਉਤੇ ਨਜ਼ਰ ਪਈ। ਕੁੱਤੇ ਵੱਲੋਂ ਇਸ ਤਰ੍ਹਾਂ ਕਰਨ ਦੇ ਨਾਲ ਇਲਾਕੇ ਵਿੱਚ ਕਈਆਂ ਜਾਨਾਂ ਬਚ ਗਈਆਂ ਹਨ। ਸਬ ਇੰਸਪੈਕਟਰ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਜਾਨ ਇਸ ਲਈ ਬਚ ਗਈ ਕਿ ਕੁੱਤੇ ਨੇ ਉਸ ਬੰਬ ਵਿੱਚ ਲੱਗੀਆਂ ਤਾਰਾਂ ਨੂੰ ਖਿੱਚ ਲਿਆ ਸੀ ਜਿਸ ਕਾਰਨ ਧਮਾਕਾ ਨਹੀਂ ਹੋ ਸਕਿਆ।
ਦਿਲਬਾਗ ਸਿੰਘ ਸਬ-ਇੰਸਪੈਕਟਰ ਦਾ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਉਸ ਨੂੰ ਸੁਰੱਖਿਆ ਦਿੱਤੀ ਗਈ ਸੀ।
-PTC News