ਕੈਪਟਨ ਵੱਲੋਂ ਬਣਾਈ ਹੈਰੀਟੇਜ ਸਟਰੀਟ 'ਚ ਵੱਡਾ ਘਪਲਾ, ਜਲਦ ਕਰਾਂਵਾਂਗੇ ਪ੍ਰੋਜੈਕਟ ਦੀ ਜਾਂਚ - ਤੇਜਿੰਦਰ ਮਹਿਤਾ
ਪਟਿਆਲਾ: ਪਟਿਆਲਾ ਸ਼ਹਿਰ ਦੇ ਸਮਾਣੀਆ ਗੇਟ ਵਿਖੇ ਸੁੰਦਰੀਕਰਣ ਕਰਨ ਦੇ ਨਾਮ ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਹੈਰੀਟੇਜ ਸਟਰੀਟ ਦੇ ਕਾਰਨ ਉਥੋਂ ਦੇ ਇਲਾਕਿਆਂ ਨਿਵਾਸੀਆਂ ਦੀ ਜਿੰਦਗੀ ਨਰਕ ਬਣ ਚੁੱਕੀ ਹੈ। ਆਮ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲਣ 'ਤੇ ਅੱਜ ਆਮ ਆਦਮੀ ਪਾਰਟੀ ਦੀ ਟੀਮ ਨੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿੱਚ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ, ਕਿਸ਼ਨ ਚੰਦ ਬੁੱਧੂ, ਕੇ ਕੇ ਸਹਿਗਲ ਵੀ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਅੱਜ ਸਾਡੀ ਟੀਮ ਵਲੋਂ ਸਮਾਨੀਆਂ ਗੇਟ ਵਿਖੇ ਬਣਾਈ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ, ਜਿਥੇ ਆਮ ਲੋਕਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਹੈਰੀਟੇਜ ਸਟਰੀਟ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ ਗਿਆ। ਆਮ ਲੋਕਾਂ ਦੀ ਜਿੰਦਗੀ ਨਰਕ ਬਣ ਚੁੱਕੀ ਹੈ, ਲੋਕਾਂ ਨੂੰ ਸਰਵਾਈਕਲ ਦੀ ਪਰੇਸ਼ਾਨੀ, ਪੈਰਾਂ ਦੀ ਅੱਡੀਆਂ ਵਿੱਚ ਲਗਾਤਾਰ ਦਰਦ, ਕਈਆਂ ਨੂੰ ਰੀੜ ਦੀ ਹੱਡੀ ਦੀ ਪਰੋਬਲਮ ਸ਼ੁਰੂ ਹੋ ਗਈ ਹੈ, ਲੋਕਾਂ ਦੇ ਰੋਜ਼ਗਾਰ ਖਤਮ ਹੋ ਗਏ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਹੈਰੀਟੇਜ ਸਟਰੀਟ ਬਣਾਉਣ ਦੇ ਨਾਮ ਤੇ ਚੰਗੀਆਂ ਭਲੀਆਂ ਲੁਕ ਵਾਲੀਆਂ ਸੜਕਾਂ ਤੋੜਕੇ ਉਹਨਾਂ ਦੀ ਜਗਾ ਤੇ ਪੱਥਰ ਦੇ ਰੋੜੇ ਲਗਾਕੇ ਸੜਕ ਬਣਾ ਦਿੱਤੀ ਗਈ ਹੈ। ਸੜਕ ਵਿੱਚ ਲਗਾਏ ਰੋੜੇ ਜਗਾ ਜਗਾ ਤੋਂ ਉਖੜ ਚੁੱਕੇ ਹਨ, ਜਿਸ ਨਾਲ ਲੋਕ ਗਿਰ ਰਹੇ ਹਨ ਤੇ ਉਹਨਾਂ ਨੂੰ ਸੱਟਾਂ ਲੱਗ ਰਹੀਆਂ ਹਨ। ਕੰਮ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਜੇ ਕੋਈ ਮਾੜਾ ਮੋਟਾ ਕੰਮ ਹੋਇਆ ਵੀ ਹੈ ਤਾਂ ਬਿਲਕੁਲ ਘਟੀਆ ਕਿਸਮ ਦਾ ਕੰਮ ਹੋਇਆ ਹੈ। ਕੋਈ ਵਧੀਆ ਕੁਆਲਿਟੀ ਵਾਲਾ ਕੰਮ ਨਹੀਂ ਕੀਤਾ ਗਿਆ ਹੈ। ਹੈਰੀਟੇਜ ਸਟਰੀਟ ਦਾ 64 ਕਰੋੜ ਰੁਪਏ ਦਾ ਟੈਂਡਰ ਸੀ, ਪਰ ਸਿਰਫ ਅੱਧਾ ਕਿਲੋਮੀਟਰ ਸਟਰੀਟ ਬਣਾਕੇ ਕੰਮ ਬੰਦ ਕਰ ਦਿੱਤਾ ਗਿਆ ਹੈ। ਇਸ ਵਿੱਚ ਵੱਡਾ ਘੋਟਾਲਾ ਹੋਣ ਦੀ ਸੰਭਾਵਨਾ ਲਗ ਰਹੀ ਹੈ। ਇਸ ਲਈ ਇਸ ਪ੍ਰੋਜੈਕਟ ਦੀ ਜਾਂਚ ਅਸੀਂ ਜਲਦ ਹੀ ਕਰਵਾਉਣ ਜਾ ਰਹੇ ਹਾਂ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ, ਕੇ ਕੇ ਸਹਿਗਲ, ਕਿਸ਼ਨ ਚੰਦ ਬੁੱਧੂ ਨੇ ਸਾਂਝੇ ਤੌਰ ਤੇ ਕਿਹਾ ਕਿ ਵਿਕਾਸ ਦੇ ਨਾਮ ਤੇ ਬਣਾਈ ਗਈ ਹੈਰੀਟੇਜ ਸਟਰੀਟ ਕਰਕੇ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਹੈ। ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਪੂਰੇ ਸ਼ਹਿਰ ਵਿੱਚ ਆਪਣੇ ਟੋਲੇ ਨਾਲ ਜਿਸ ਮੇਅਰ, ਜਿਲਾ ਪ੍ਰਧਾਨ ਨੂੰ ਲੋਕੇ ਸਰਕਾਰੀ ਕੰਮ ਦਾ ਮੁਆਇਨਾ ਕਰਦੇ ਫਿਰਦੇ ਹਨ। ਬੀਬਾ ਜੀ ਕਿਸ ਅਧਿਕਾਰ ਨਾਲ ਸਰਕਾਰੀ ਕੰਮਾਂ ਦਾ ਮੁਆਇਨਾ ਕਰ ਰਹੇ ਹਨ। ਉਹਨਾਂ ਕੋਲ ਕੋਈ ਪਾਵਰ ਨਹੀ ਹੈ। ਇਸ ਕਰਕੇ ਉਹ ਇਹ ਮੁਆਇਨਾ ਕਰਨ ਦਾ ਕੰਮ ਬੰਦ ਕਰਕੇ ਆਪਣੇ ਮਹਿਲ ਵਿੱਚ ਆਰਾਮ ਕਰਨ, ਬਾਕੀ ਜੇ ਉਹਨਾਂ ਨੂੰ ਮੁਆਇਨਾ ਕਰਨ ਦਾ ਸੌਕ ਹੈ ਤਾਂ ਬੀਬਾ ਜੈ ਇੰਦਰ ਕੌਰ ਜੀ, ਸ਼ਹਿਰ ਵਿੱਚ ਏਧਰ ਉਧਰ ਦੇ ਦੌਰੇ ਕਰਨਾ ਛੱਡਕੇ, ਆਹ ਪਟਿਆਲਾ ਦੇ ਸਮਾਣੀਆਂ ਗੇਟ ਵਿਖੇ ਤੁਹਾਡੇ ਪਿਤਾ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਸੜਕ ਤੇ ਪੱਥਰਾਂ ਦੇ ਰੋੜੇ ਪਾਕੇ ਬਣਾਈ ਹੈਰੀਟੇਜ ਸਟਰੀਟ ਦਾ ਦੌਰਾ ਕਰੋ, ਜਿਥੇ ਆਮ ਲੋਕਾਂ ਦੀ ਜਿੰਦਗੀ ਨਰਕ ਬਣ ਚੁੱਕੀ ਹੈ, ਇਥੇ ਜਾਓ ਆਪਣੇ ਸਾਥੀਆਂ ਨਾਲ ਦੌਰਾ ਕਰਕੇ ਆਓ, ਤਾਂ ਕਿ ਆਪ ਨੂੰ ਪਤਾ ਲੱਗੇਗਾ ਕਿ ਲੋਕਾਂ ਦਾ ਦੁੱਖ ਦਰਦ ਕੀ ਹੈ...? ਤੁਹਾਡੇ ਪਿਤਾ ਜੀ ਕੀ ਕਰਕੇ ਗਏ ਹਨ...? ਪੂਰਾ ਸ਼ਹਿਰ ਦੀਆਂ ਗਲੀਆਂ ਨਾਲੀਆਂ ਨੂੰ ਪੱਟ ਰੱਖਿਆ ਹੈ, ਕਿਸੇ ਵੀ ਇਲਾਕੇ ਵਿੱਚ ਕੰਮ ਪੂਰਾ ਨਹੀਂ ਕੀਤਾ ਗਿਆ ਹੈ। ਜਗਾ ਜਗਾ ਮਿੱਟੀ ਦੇ ਢੇਰ, ਘਟੀਆਂ ਕਿਸਮ ਦੀਆਂ ਟਾਈਲਾਂ, ਮਿੱਟੀ ਮਿਲਿਆ ਰੇਤਾ, ਮਲਬੇ ਦੇ ਢੇਰ ਲੱਗੇ ਪਏ ਹਨ। ਆਗੂਆਂ ਨੇ ਕਿਹਾ ਪਟਿਆਲਾ ਸ਼ਹਿਰ ਦੇ ਆਮ ਲੋਕ ਬਹੁਤ ਜਿਆਦਾ ਪਰੇਸ਼ਾਨ ਹੋਏ ਪਏ ਹਨ। ਲੋਕ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਪਰ ਇਹਨਾਂ ਉਪਰ ਕੋਈ ਅਸਰ ਨਹੀਂ ਹੈ। ਇਹ ਤਾਂ ਸਿਰਫ ਵਿਕਾਸ ਦੇ ਨਾਮ ਆਏ ਕਰੋੜਾਂ ਰੁਪਇਆਂ ਵਿੱਚ ਆਪਣਾ ਪੇਟ ਅਤੇ ਘਰ ਭਰਕੇ ਭੱਜ ਗਏ ਹਨ, ਆਮ ਲੋਕਾਂ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀ। ਅਸੀਂ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੰਗ ਕਰਦੇ ਹਾਂ ਕਿ ਸ਼ਹਿਰ ਵਿੱਚ ਮੇਅਰ ਅਤੇ ਉਸਦੇ ਸਾਥੀਆਂ ਵਲੋਂ ਮੋਤੀ ਮਹਿਲ ਦੇ ਆਸ਼ਰੀਵਾਦ ਨਾਲ ਜੋ ਕਰੋੜਾਂ ਰੁਪਏ ਦਾ ਘੋਟਾਲਾ ਕੀਤਾ ਗਿਆ ਹੈ। ਉਸਦੀ ਜਲਦ ਤੋਂ ਜਲਦ ਜਾਂਚ ਕਰਵਾਈ ਜਾਏ, ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸ਼ਜਾ ਦਿੱਤੀ ਜਾਵੇ। ਇਹ ਵੀ ਪੜ੍ਹੋ : ਪਾਵਰਕਾਮ ਨੂੰ ਰਾਹਤ ; ਮੌਸਮ 'ਚ ਮਾਮੂਲੀ ਤਬਦੀਲੀ ਨਾਲ ਬਿਜਲੀ ਦੀ ਮੰਗ ਘਟੀ ਇਸ ਮੌਕੇ ਪਾਰਟੀ ਦੇ ਜਿਲ੍ਹਾ ਈਵੈਂਟ ਇੰਚਾਰਜ ਅੰਗਰੇਜ਼ ਸਿੰਘ ਰਾਮਗੜ੍ਹ, ਸੀਨੀਅਰ ਆਗੂ ਸੰਦੀਪ ਬੰਧੂ, ਗੁਰਦਰਸ਼ਨ ਸਿੰਘ ਓਬਰਾਏ, ਵਪਾਰ ਮੰਡਲ ਪ੍ਰਧਾਨ, ਜਗਤਾਰ ਤਾਰੀ, ਆਸ਼ੀਸ਼ ਨਈਅਰ, ਗੋਲੂ ਰਾਜਪੂਤ, ਮੋਨੂੰ, ਸੋਨੀਆ ਦੇਵੀ, ਰਣਬੀਰ ਅਤੇ ਹੋਰ ਸਾਥੀ, ਇਲਾਕਾ ਨਿਵਾਸੀਆਂ ਨਾਲ ਮੌਜੂਦ ਸਨ। (ਗਗਨਦੀਪ ਆਹੂਜਾ ਦੀ ਰਿਪੋਰਟ) -PTC News