IIT ਬੰਬੇ ਦੇ ਮਹਿਲਾ ਬਾਥਰੂਮ ਵਿੱਚ ਝਾਤੀ ਮਾਰਨ ਵਾਲਾ ਕੰਟੀਨ ਵਰਕਰ ਗ੍ਰਿਫ਼ਤਾਰ
ਮੁੰਬਈ: ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਬੰਬੇ ਦੇ ਹੋਸਟਲ ਦੀ ਕੰਟੀਨ ਦੇ ਇੱਕ ਕਰਮਚਾਰੀ ਨੂੰ ਐਤਵਾਰ ਰਾਤ ਨੂੰ ਮਹਿਲਾ ਬਾਥਰੂਮ ਵਿੱਚ ਝਾਤੀ ਮਾਰਦੇ ਫੜੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਵਿਦਿਆਰਥਣਾਂ ਨੇ ਇਲਜਾਮ ਲਗਾਇਆ ਹੈ ਕਿ ਕੰਟੀਨ ਉੱਤੇ ਕੰਮ ਕਰਨ ਵਾਲਾ ਵਰਕਰ ਬਾਥਰੂਮ ਵਿੱਚ ਝਾਤੀ ਮਾਰਦਾ ਸੀ। ਮਿਲੀ ਜਾਣਕਾਰੀ ਮੁਤਾਬਿਕ ਖਿੜਕੀ ਦੇ ਸ਼ੀਸੇ ਵਿਚੋਂ ਮਹਿਲਾ ਬਾਥਰੂਮ ਵਿੱਚ ਝਾਤੀ ਮਾਰਦੇ ਨੂੰ ਇਕ ਵਿਦਿਆਰਥਣ ਨੇ ਵੇਖਿਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।
ਵਿਦਿਆਰਥੀਆਂ ਨੇ ਕੈਂਪਸ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਬਾਥਰੂਮਾਂ ਦੇ ਡਿਜ਼ਾਈਨ ਵਿੱਚ ਬਦਲਾਅ ਕਰਨ ਦੀ ਮੰਗ ਕੀਤੀ ਹੈ। ਆਈਆਈਟੀ ਬੰਬੇ ਦੇ ਬੁਲਾਰੇ ਨੇ ਕਿਹਾ ਕਿ ਹੋਸਟਲ ਵਿੱਚ ਕੰਟੀਨ ਵਰਕਰ ਦੀ ਗ੍ਰਿਫਤਾਰੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮੁਲ਼ਜ਼ਮ ਇੱਕ ਪਾਈਪ ਡੈਕਟ 'ਤੇ ਚੜ੍ਹ ਕੇ ਮਹਿਲਾ ਬਾਥਰੂਮ ਵਿੱਚ ਝਾਤੀ ਮਾਰ ਰਿਹਾ ਸੀ ਅਤੇ ਜਿਸ ਤੋਂ ਬਾਅਦ ਇਕ ਵਿਦਿਆਰਥਣ ਨੇ ਇਸ ਦੀ ਸ਼ਿਕਾਇਤ ਕੀਤੀ ਅਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ।
ਓਧਰ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੇ ਫੋਨ ਦੀ ਜਾਂਚ ਕੀਤੀ ਗਈ ਹੈ ਇਸ ਵਿੱਚ ਕੋਈ ਰਿਕਾਰਡਿੰਗ ਨਹੀਂ ਮਿਲੀ ਹੈ।ਵਿਦਿਆਰਥੀਆਂ ਨੇ ਕੈਂਪਸ ਵਿੱਚ ਪੁਖਤਾ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਹੋਣ। ਘਟਨਾ ਤੋਂ ਬਾਅਦ ਇੰਸਟੀਚਿਊਟ ਨੇ ਕੰਟੀਨ ਬੰਦ ਕਰ ਦਿੱਤੀ ਹੈ।ਵਿਦਿਆਰਥਣਾਂ ਦੀ ਮੰਗ ਹੈ ਕਿ ਕੰਟੀਨ ਤਾਂ ਹੀ ਖੁੱਲ੍ਹੇਗੀ ਜੇਕਰ ਮਹਿਲਾ ਸਟਾਫ਼ ਹੋਵੇ।
ਇਹ ਵੀ ਪੜ੍ਹੋ:ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਸਿੱਖਾਂ 'ਚ ਭਾਰੀ ਰੋਸ: ਸੁਖਬੀਰ ਸਿੰਘ ਬਾਦਲ
-PTC News