ਕੈਨੇਡਾ ਵੱਲੋਂ ਭਾਰਤੀ ਯਾਤਰੀਆਂ ਲਈ ਟੈਸਟਿੰਗ ਨਿਯਮਾਂ 'ਚ ਢਿੱਲ
ਟੋਰਾਂਟੋ: ਕੈਨੇਡੀਅਨ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ-19 ਟੈਸਟਿੰਗ ਨਿਯਮਾਂ ਨੂੰ ਸੌਖਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਹਵਾਈ ਅੱਡੇ 'ਤੇ ਸਥਿਤ ਇਕੱਲੀ ਪ੍ਰਯੋਗਸ਼ਾਲਾ ਤੋਂ ਬੋਰਡਿੰਗ ਤੋਂ ਪਹਿਲਾਂ ਨਕਾਰਾਤਮਕ RT-PCR ਟੈਸਟ ਪ੍ਰਾਪਤ ਕਰਨ ਲਈ ਲਾਜ਼ਮੀ ਲੋੜ ਨੂੰ ਹਟਾ ਦਿੱਤਾ ਹੈ। ਹਾਲਾਂਕਿ, ਬੋਰਡਿੰਗ ਤੋਂ ਪਹਿਲਾਂ ਇੱਕ ਨਕਾਰਾਤਮਕ RT-PCR ਟੈਸਟ ਦੇ ਨਤੀਜੇ ਦੀ ਲੋੜ ਹੋਵੇਗੀ, ਜੋ ਕਿ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਦੁਆਰਾ ਮਾਨਤਾ ਪ੍ਰਾਪਤ ਕਿਸੇ ਵੀ ਪ੍ਰਯੋਗਸ਼ਾਲਾ ਤੋਂ ਪ੍ਰਾਪਤ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ COVID-19 ਦੇ 3096 ਨਵੇਂ ਮਾਮਲੇ ਦਰਜ, 25 ਦੀ ਮੌਤ
ਨਾਲ ਹੀ, ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਹੁਣ ਕੈਨੇਡਾ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਸੇ ਤੀਜੇ ਦੇਸ਼ ਤੋਂ ਨੈਗੇਟਿਵ ਟੈਸਟ ਦੇ ਨਤੀਜੇ ਲੈਣ ਦੀ ਲੋੜ ਨਹੀਂ ਹੋਵੇਗੀ ਜੇਕਰ ਉਹ ਕਨੈਕਟਿੰਗ ਫਲਾਈਟ ਲੈ ਰਹੇ ਹਨ। ਹਾਲਾਂਕਿ ਕੈਨੇਡਾ ਪਹੁੰਚਣ ਤੋਂ ਬਾਅਦ ਯਾਤਰੂਆਂ ਨੂੰ ਬੇਤਰਤੀਬੇ ਕੋਵਿਡ-19 ਟੈਸਟਿੰਗ ਤੋਂ ਗੁਜ਼ਰਨਾ ਪੈ ਸਕਦਾ ਹੈ।
ਪਹਿਲਾਂ ਦੇ ਨਿਯਮਾਂ ਮੁਤਾਬਕ ਭਾਰਤ ਤੋਂ ਯਾਤਰੀ ਦਿੱਲੀ ਹਵਾਈ ਅੱਡੇ 'ਤੇ ਸਥਿਤ ਕੰਪਨੀ ਜੇਨੇਸਟ੍ਰਿੰਗਜ਼ ਦੀ ਇੱਕ ਇਕੱਲੀ ਪ੍ਰਯੋਗਸ਼ਾਲਾ ਤੋਂ ਹੀ ਪ੍ਰੀ-ਡਿਪਾਰਚਰ ਟੈਸਟ ਕਰਵਾ ਸਕਦੇ ਸਨ ਅਤੇ ਜਿਨ੍ਹਾਂ ਦੇ ਟੈਸਟ ਦੇ ਨਤੀਜੇ ਨੈਗੇਟਿਵ ਆਉਂਦੇ ਉਨ੍ਹਾਂ ਨੂੰ ਹੀ ਕਿਸੇ ਵੀ ਕੈਨੇਡੀਅਨ ਮੰਜ਼ਿਲ ਲਈ ਸਵਾਰ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾ, RT-PCR ਟੈਸਟ ਨਿਰਧਾਰਤ ਰਵਾਨਗੀ ਦੇ 18 ਘੰਟਿਆਂ ਦੇ ਅੰਦਰ ਕੀਤਾ ਜਾਣਾ ਹੁੰਦਾ ਸੀ।
ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਡਰੋਨ ਦੀ ਹਲਚਲ, ਬੀਐਸਐਫ ਵੱਲੋਂ ਫਾਇਰਿੰਗ
ਕੈਨੇਡਾ ਨੇ ਇਹ ਭਾਰਤ-ਵਿਸ਼ੇਸ਼ ਕੋਵਿਡ-19 ਟੈਸਟਿੰਗ ਨਿਯਮ ਪਿਛਲੇ ਸਾਲ ਸਤੰਬਰ ਵਿੱਚ ਪੇਸ਼ ਕੀਤੇ ਸਨ, ਜਦੋਂ ਉਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਸਿੱਧੀਆਂ ਉਡਾਣਾਂ 'ਤੇ ਪਾਬੰਦੀ ਹਟਾ ਦਿੱਤੀ ਸੀ।
- PTC News