ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੇ ਸਰਕਟ ਹਾਊਸਾਂ ਦੇ PPP ਢੰਗ ਰਾਹੀਂ ਨਵੀਨੀਕਰਨ ਨੂੰ ਪ੍ਰਵਾਨਗੀ
ਚੰਡੀਗੜ੍ਹ : ਮੌਜੂਦਾ ਵਸੀਲਿਆਂ ਵਿੱਚ ਸੁਧਾਰ ਅਤੇ ਅਸਾਸਿਆਂ ਦੇ ਭਰਪੂਰ ਇਸਤੇਮਾਲ ਕਰਨ ਦੇ ਮਕਸਦ ਦੀ ਪੂਰਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਸੋਮਵਾਰ ਨੂੰ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੇ ਸਰਕਟ ਹਾਊਸਾਂ ਦੇ ਨਿੱਜੀ-ਜਨਤਕ ਭਾਈਵਾਲੀ (ਪੀ.ਪੀ.ਪੀ.) ਰਾਹੀਂ ਨਵੀਨੀਕਰਨ, ਚਲਾਉਣ ਤੇ ਸਾਂਭ ਸੰਭਾਲ ਨੂੰ ਪ੍ਰਵਾਨਗੀ ਦੇ ਦਿੱਤੀ।
ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿਚ ਫ਼ਿਲਹਾਲ ਨਹੀਂ ਲੱਗੇਗਾ ਲੌਕਡਾਊਨ , ਮੁੱਖ ਮੰਤਰੀ ਨੇ ਲੌਕਡਾਊਨ ਲਾਉਣ ਤੋਂ ਕੀਤਾ ਇੰਨਕਾਰ
ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਕਰਨ ਲਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ) ਨੂੰ ਸੂਬੇ ਦੀ ਨੋਡਲ ਏਜੰਸੀ ਬਣਾਇਆ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਲੁਧਿਆਣਾ ਅਤੇ ਜਲੰਧਰ ਵਿਚਲੇ ਸਰਕਟ ਹਾਊਸਾਂ ਨੂੰ ਪੀ.ਪੀ.ਪੀ. ਢੰਗ ਰਾਹੀਂ ਵਿਕਸਿਤ ਕਰਨ ਪਿੱਛੋਂ ਚਲਾਉਣ ਦੀ ਯੋਜਨਾ ਹੈ ਤਾਂ ਜੋ ਇਨ੍ਹਾਂ ਨੂੰ ਸਰਕਟ ਹਾਊਸ-ਕਮ-ਹੋਟਲ ਵਜੋਂ ਚਲਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਪਟਿਆਲਾ, ਗੁਰਦਾਸਪੁਰ, ਚੰਡੀਗੜ੍ਹ ਅਤੇ ਸ਼ਿਮਲਾ ਵਿੱਚ ਸਥਿਤ 10 ਸਰਕਟ ਹਾਊਸ ਚਲਾਏ ਜਾਂਦੇ ਹਨ। ਇਸ ਤੋਂ ਇਲਾਵਾ ਨਵੀਂ ਦਿੱਲੀ ਅਤੇ ਚੰਡੀਗੜ੍ਹ ਵਿਖੇ ਦੋ ਪੰਜਾਬ ਭਵਨ ਵੀ ਸਥਿਤ ਹਨ।
ਇਨ੍ਹਾਂ ਸਰਕਟ ਹਾਊਸਾਂ ਨੂੰ ਸਰਕਾਰੀ ਕੰਮ ਲਈ ਵੱਖੋ-ਵੱਖ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਦੌਰੇ 'ਤੇ ਜਾਂਦੇ ਸਰਕਾਰੀ ਅਫਸਰਾਂ/ਕਰਮਚਾਰੀਆਂ ਦੇ ਰਹਿਣ ਲਈ ਉਸਾਰਿਆ ਗਿਆ ਸੀ ਪਰ, ਇਨ੍ਹਾਂ ਸਰਕਟ ਹਾਊਸਾਂ ਦੀ ਸਾਂਭ-ਸੰਭਾਲ ਅਤੇ ਸੁਵਿਧਾਵਾਂ ਵਿੱਚ ਸੁਧਾਰ ਕਰਕੇ ਵਾਰ-ਵਾਰ ਹੁੰਦੇ ਖਰਚੇ ਕਾਰਨ ਸਮਾਂ ਪਾ ਕੇ ਇਹ ਸੂਬਾ ਸਰਕਾਰ ਲਈ ਵਿੱਤੀ ਬੋਝ ਬਣ ਗਏ।
-PTCNews