ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਸ਼ਹਿਰ ਵਾਸੀਆਂ ਲਈ ਬਿਜਲੀ ਹੈਲਪਲਾਈਨ ਦੇ 5 ਨੰਬਰ ਜਾਰੀ
ਅੰਮ੍ਰਿਤਸਰ: ਪਵਿੱਤਰ ਨਗਰੀ ਅੰਮ੍ਰਿਤਸਰ ਦੇ ਲਗਪਗ 4.14 ਲੱਖ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਜਿੱਥੇ ਬਿਜਲੀ ਹੈਲਪਲਾਈਨ ਦੇ 5 ਨੰਬਰ ਜਾਰੀ ਕੀਤੇ। ਉਥੇ ਬਿਜਲੀ ਛੇਤੀ ਠੀਕ ਕਰਨ ਲਈ ਮੋਟਰਸਾਇਕਲ ਅਤੇ ਜੀਪਾਂ ਦੇ ਕਾਫਲੇ ਨੂੰ ਵੀ ਝੰਡਾ ਵਿਖਾ ਕੇ ਸ਼ਹਿਰ ਵਾਸੀਆਂ ਲਈ ਤੋਰਿਆ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਅੱਜ ਦੀ ਕੋਸ਼ਿਸ਼ ਇਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਸਟਾਫ਼ ਦੀ ਭਾਰੀ ਘਾਟ ਅਤੇ ਹਰ ਤਰ੍ਹਾਂ ਦੇ ਮੌਸਮ ਦੇ ਬਾਵਜੂਦ ਵੀ ਪੀ.ਐਸ.ਪੀ.ਸੀ.ਐਲ. ਖਪਤਕਾਰਾਂ ਦੀਆਂ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ "ਕੋਈ ਸਪਲਾਈ ਸ਼ਿਕਾਇਤ ਨਹੀਂ" ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਲਈ ਸ਼ਿਕਾਇਤਾਂ ਦੇ ਨਿਪਟਾਰੇ ਵਾਸਤੇ 65 ਮੋਟਰਸਾਇਕਲ, 5 ਜੀਪਾਂ ਅਤੇ ਇਕ ਹਾਈਡ੍ਰੌਲਿਕ ਲਿਫਟ ਨਾਲ ਲੈਸ ਜੀਪ ਨੂੰ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਤੋਰਿਆ। ਇਹ ਸਿਟੀ ਸਰਕਲ ਅੰਮ੍ਰਿਤਸਰ ਦੀਆਂ ਵੱਖ-ਵੱਖ ਡਿਵੀਜ਼ਨਾਂ ਅਤੇ ਸਬ-ਅਰਬਨ ਸਰਕਲ ਅੰਮ੍ਰਿਤਸਰ ਦੇ ਪੂਰਬੀ ਡਵੀਜ਼ਨਾਂ ਅਧੀਨ ਖਪਤਕਾਰਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨਗੇ। ਇਹ ਕਰਮਚਾਰੀ ਅਤੇ ਗੱਡੀਆਂ ਸ਼ਿਫਟ ਅਨੁਸਾਰ 24 ਘੰਟੇ ਆਪਣੀ ਡਿਊਟੀ ਨਿਭਾਉਣਗੇ। ਇਸਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਖਪਤਕਾਰ ਆਪਣੀਆਂ ਸ਼ਿਕਾਇਤਾਂ 1912 ਦੇ ਨਾਲ ਨਾਲ 96461-12994, 96461-13249, 96461-13803, 96461-13283, 96461-13774 ਉਤੇ ਵੀ ਆਪਣੇ ਮੋਬਾਈਲ ਨੰਬਰਾਂ ਰਾਹੀਂ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦਰਜ ਕਰਨ ਤੋਂ ਬਾਅਦ, ਨੋਡਲ ਸ਼ਿਕਾਇਤ ਕੇਂਦਰ ਦਾ ਸਟਾਫ ਤੁਰੰਤ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਖੇਤਰ ਦੇ ਸਬੰਧਤ ਸੀਐਚਬੀ ਨੂੰ ਸ਼ਿਕਾਇਤ ਤਬਦੀਲ ਕਰ ਦੇਵੇਗਾ। ਸ਼ਿਕਾਇਤਾਂ ਦਾ ਨਿਪਟਾਰਾ ਕਰਨ ਤੋਂ ਬਾਅਦ, ਸਬੰਧਤ CHB ਦੁਆਰਾ ਨੋਡਲ ਸ਼ਿਕਾਇਤ ਕੇਂਦਰ ਨੂੰ ਇੱਕ ਵਾਪਿਸ ਸੁਨੇਹਾ ਭੇਜਿਆ ਜਾਵੇਗਾ ਅਤੇ ਸ਼ਿਕਾਇਤ ਦੀ ਸਥਿਤੀ ਬਾਰੇ ਸਬੰਧਤ ਖਪਤਕਾਰਾਂ ਨੂੰ ਉਨ੍ਹਾਂ ਦੇ ਮੋਬਾਈਲ ਨੰਬਰ 'ਤੇ ਸੁਨੇਹਾ ਦਿੱਤਾ ਜਾਵੇਗਾ। ਸਾਰੇ ਕਰਮਚਾਰੀ ਸਾਰਾ ਸਾਲ ਸ਼ਿਫਟਾਂ ਵਿੱਚ 24 ਘੰਟੇ ਆਪਣੀ ਡਿਊਟੀ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ 'ਤੇ ਸਾਲਾਨਾ 5.20 ਕਰੋੜ ਰੁਪਏ ਦਾ ਖਰਚਾ ਹੋਵੇਗਾ। ਇਹ ਵੀ ਪੜ੍ਹੋ:ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਬਣਾਇਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ -PTC News