ਵੰਦੇ ਭਾਰਤ ਟਰੇਨ ਨਾਲ ਟਕਰਾਇਆ ਪਸ਼ੂ, ਗੱਡੀ ਦਾ ਅਗਲਾ ਹਿੱਸਾ ਨੁਕਸਾਨਿਆ
ਮੁੰਬਈ ; Vande Bharat Accident : ਵੰਦੇ ਭਾਰਤ ਟਰੇਨ ਇਕ ਵਾਰ ਮੁੜ ਹਾਦਸੇ ਕਾਰਨ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਹਾਦਸਾ ਸਵੇਰੇ 8.17 ਵਜੇ ਮੁੰਬਈ ਸੈਂਟਰਲ ਡਿਵੀਜ਼ਨ ਦੇ ਅਤੁਲ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਵਾਪਰਿਆ ਜਦੋਂ ਵੰਦੇ ਭਾਰਤ ਟਰੇਨ ਨਾਲ ਇਕ ਬਲਦ ਟਕਰਾ ਗਿਆ।
ਇਸ ਹਾਦਸੇ ਵਿੱਚ ਗੱਡੀ ਦਾ ਅਗਲਾ ਹਿੱਸਾ ਕਾਫੀ ਨੁਕਸਾਨਿਆ ਗਿਆ ਹੈ। ਗੱਡੀ ਮੁੰਬਈ ਸੈਂਟਰਲ ਤੋਂ ਗਾਂਧੀਨਗਰ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਮਗਰੋਂ ਰੇਲਗੱਡੀ ਨੂੰ ਕਰੀਬ 15 ਮਿੰਟ ਤੱਕ ਉੱਥੇ ਰੋਕਿਆ ਗਿਆ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਵੰਦੇ ਭਾਰਤ ਐਕਸਪ੍ਰੈਸ ਨਾਲ ਜਾਨਵਰਾਂ ਦੇ ਟਕਰਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵੰਦੇ ਭਾਰਤ ਦੋ ਵਾਰ ਹਾਦਸੇ ਦਾ ਸ਼ਿਕਾਰ ਹੋ ਚੁੱਕੀ ਹੈ। ਕਾਬਿਲੇਗੌਰ ਹੈ ਕਿ 6 ਅਕਤੂਬਰ ਨੂੰ ਤੇਜ਼ ਰਫਤਾਰ ਟਰੇਨ ਵੰਦੇ ਭਾਰਤ ਸਵੇਰੇ 11.18 ਵਜੇ ਹਾਦਸਾਗ੍ਰਸਤ ਹੋ ਗਈ ਸੀ। ਵਟਵਾ ਤੇ ਮਨੀਨਗਰ ਸਟੇਸ਼ਨਾਂ ਕੋਲ ਰੇਲਗੱਡੀ ਮੱਝਾਂ ਨਾਲ ਟਕਰਾ ਗਈ ਸੀ। ਇਹ ਟਰੇਨ ਮੁੰਬਈ ਤੋਂ ਅਹਿਮਦਾਬਾਦ ਜਾ ਰਹੀ ਸੀ।
ਇਹ ਵੀ ਪੜ੍ਹੋ : Viral Video: ਇੰਡੀਗੋ ਦਿੱਲੀ-ਬੈਂਗਲੁਰੂ ਫਲਾਈਟ ਦੇ ਇੰਜਣ ਨੂੰ ਉਡਾਣ ਭਰਦੇ ਸਮੇਂ ਲੱਗੀ ਅੱਗ
ਇਸ ਹਾਦਸੇ 'ਚ ਗੱਡੀ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਸੀ। ਇਸ ਮਾਮਲੇ 'ਚ ਮੱਝਾਂ ਦੇ ਮਾਲਕ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਹਾਦਸੇ ਮਗਰੋਂ ਗੱਡੀ ਨੂੰ 20 ਮਿੰਟ ਲਈ ਰੋਕਣਾ ਪਿਆ ਸੀ। ਇਸ ਤੋਂ ਪਹਿਲਾਂ ਮੁੰਬਈ-ਗਾਂਧੀਨਗਰ ਮਾਰਗ 'ਤੇ ਇਕ ਹਾਦਸਾ ਵਾਪਰਿਆ ਸੀ ਜਦੋਂ ਪਸ਼ੂਆਂ ਦੇ ਝੁੰਡ ਦੀ ਵੰਦੇ ਭਾਰਤ ਟਰੇਨ ਨਾਲ ਟੱਕਰ ਹੋ ਗਈ ਸੀ, ਜਿਸ 'ਚ ਚਾਰ ਪਸ਼ੂਆਂ ਦੀ ਮੌਤ ਹੋ ਗਈ ਸੀ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਸਤੰਬਰ ਨੂੰ ਹਾਈ ਸਪੀਡ ਟਰੇਨ ਵੰਦੇ ਭਾਰਤ ਦੇ ਮੁੰਬਈ-ਅਹਿਮਦਾਬਾਦ ਰੂਟ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਹ ਟਰੇਨ 180 ਤੋਂ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ।
-PTC News