ਬੀਐਸਐੱਫ ਦਾ ਸੂਬੇ ਦੇ ਅਧਿਕਾਰਿਤ ਖੇਤਰ ‘ਚ ਕੀਤਾ ਵਾਧਾ ਸੰਘਵਾਦ ‘ਤੇ ਵੱਡਾ ਹਮਲਾ- ਪ੍ਰੋ. ਚੰਦੂਮਾਜਰਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ‘ਚ ਬਾਰਡਰ ਸੁਰੱਖਿਆ ਫੋਰਸ (ਬੀਐੱਸਐੱਫ) ਨੂੰ ਦਿੱਤੀਆਂ ਵਧੇਰੇ ਤਾਕਤਾਂ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੌਮਾਂਤਰੀ ਸਰਹੱਦ ‘ਤੇ ਬੀਐੱਐੱਫ ਦਾ ਅਧਿਕਾਰ 15 ਤੋਂ ਵਧਾ ਕੇ 50 ਕਿਲੋਮੀਟਰ ਕਰਨਾ ਕੇਂਦਰ ਦੁਆਰਾ ਸੂਬਿਆਂ ਦੇ ਸੰਘੀ ਢਾਂਚੇ ਨੂੰ ਭਾਰੀ ਸੱਟ ਮਾਰਨਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਇਹ ਫ਼ੈਸਲਾ ਪੰਜਾਬ ਤੇ ਬੇਵਿਸ਼ਵਾਸੀ ਕਰਨ ਵਾਲੀ ਗੱਲ ਜਾਪ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸੂਬਿਆੰ ਦੇ ਅਧਿਕਾਰਾਂ ਦੀ ਲੜਾਈ ਲੜਦਾ ਆ ਰਿਹਾ ਹੈ, ਕੇਂਦਰ ਦੇ ਇਸ ਮਾਰੂ ਫ਼ੈਸਲੇ ਦਾ ਵੀ ਡਟ ਕੇ ਵਿਰੋਧ ਕਰੇਗਾ। ਕੇਂਦਰ ਸਰਕਾਰ ਦਾ ਸਰਹੱਦ ਤੋਂ ਪੰਜਾਹ ਕਿਲੋਮੀਟਰ ਤਕ ਦਾ ਖੇਤਰ ਬੀਐਸਐਫ ਹਵਾਲੇ ਕਰਨਾ, ਪੰਜਾਬ ਅੰਦਰ ਅਰਧਸੈਨਿਕ ਰਾਜ ਲਾਗੂ ਕਰਨ ਵਾਲਾ ਫ਼ੈਸਲਾ ਹੈ। ਪ੍ਰੋ. ਚੰਦੂਮਾਜਰਾ ਨੇ ਭਾਰਤ ਸਰਕਾਰ ਦੁਆਰਾ ਸਰਹੱਦੀ ਇਲਾਕੇ ਨੂੰ ਯੂ. ਟੀ.ਐਲਾਨੇ ਜਾਣ ਤੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਦਾ ਅਜਿਹਾ ਫ਼ੈਸਲਾ ਪੰਜਾਬ ਦੇ ਪੁਲਿਸ ਪ੍ਰਸ਼ਾਸ਼ਨ ਅਤੇ ਸਿਵਲ ਅਧਿਕਾਰੀਆਂ ਨਾਲ ਧੱਕੇਸ਼ਾਹੀ ਵਾਲਾ ਹੋਵੇਗਾ। ਪ੍ਰੋ. ਚੰਦੂਮਾਜਰਾ ਨੇ ਕੌਮਾਂਤਰੀ ਸਰਹੱਦ ਨਾਲ ਨਾਲ ਲੱਗਦੇ ਕਿਸਾਨਾਂ ਦੀਆਂ ਮੁਸਕਿਲਾਂ ਦੀ ਵੀ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਬੀਐੱਸਐੱਫ ਦੇ ਅਧਿਕਾਰ ਖੇਤਰ ‘ਚ ਕੀਤਾ ਵਾਧਾ ਜਿੱਥੇ ਸੂਬੇ ਦੇ ਲੋਕਾਂ ਲਈ ਪਰੇਸ਼ਾਨੀ ਵਾਲਾ ਬਣੇਗਾ, ਉੱਥੇ ਹੀ ਪੰਜਾਬ ਦੇ ਕਿਸਾਨਾਂ ਲਈ ਅਨੇਕਾਂ ਮੁਸਿਕਲਾਂ ਖੜ੍ਹੀਆ ਕਰੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸੂਬੇ ਦੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਕਿਸਾਨਾਂ ਲਈ ਅਨੇਕਾਂ ਬਾਰ ਕੇਂਦਰ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ, ਪ੍ਰੰਤੂ ਕੇਂਦਰ ਦੁਆਰਾ ਹਮੇਸ਼ਾ ਮਾਮਲਾ ਅੱਖੋ-ਪਰੋਖੇ ਕਰਕੇ ਕਿਸਾਨਾਂ ਨੂੰ ਕਿਸਮਤ ਦੇ ਸਹਾਰੇ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਲ ਪਾਰਟੀ ਮੀਟਿੰਗ ਬੁਲਾ ਕੇ ਸਮੁੱਚੇ ਪੰਜਾਬੀਆਂ ਦਾ ਇਸ ਫੈਸਲੇ ਦੇ ਵਿਰੋਧ ‘ਚ ਰੋਸ ਕੇਂਦਰ ਸਰਕਾਰ ਕੋਲ ਦਰਜ ਕਰਵਾਏ। ਪੰਜਾਬ ਅਸੈਂਬਲੀ ਦਾ ਤੁਰੰਤ ਸੈਸ਼ਨ ਬੁਲਾ ਕੇ ਕੇਂਦਰ ਵੱਲੋਂ ਧਾਰਾ 139 ਵਿੱਚ ਕੀਤੀ ਸੋਧ ਨੂੰ ਰੱਦ ਕਰਕੇ ਪੰਜਾਬ ਅਸੈਂਬਲੀ ਸਰਬਸੰਮਤੀ ਨਾਲ ਆਪਣੇ ਰੋਸ ਦਾ ਪ੍ਰਗਟਾਵਾ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਅਹਿਮ ਮਸਲਿਆਂ ਪ੍ਰਤੀ ਅਣਜਾਨਤਾ ਅਤੇ ਗ਼ੈਰ ਤਜਰਬੇਕਾਰ ਹੋਣ ਦਾ ਭਾਰਤ ਦੇ ਗ੍ਰਹਿ ਮੰਤਰੀ ਨੇ ਫਾਇਦਾ ਉਠਾਇਆ ਹੈ ।ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਬੂਤ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਬਿਆਨ ਰਾਹੀਂ ਵੀ ਕੀਤਾ ਹੈ। -PTC News