ਬੀਐਸਐਫ ਨੇ ਫਾਜ਼ਿਲਕਾ ਦੇ ਪਿੰਡ ਤੋਂ ਤਿੰਨ ਕਿਲੋ ਹੈਰੋਇਨ ਕੀਤੀ ਬਰਾਮਦ
ਫਾਜ਼ਿਲਕਾ, 7 ਸਤੰਬਰ: ਬੀਐਸਐਫ ਨੇ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਖੇਤ ਵਿੱਚ ਛੁਪਾ ਕੇ ਰੱਖੀ ਹੈਰੋਇਨ ਦੇ ਚਾਰ ਪੈਕਟ ਬਰਾਮਦ ਕੀਤੇ ਹਨ। ਇਹ ਪੈਕਟ ਪਾਕਿਸਤਾਨੀ ਸਮੱਗਲਰਾਂ ਵੱਲੋਂ ਰੱਖੇ ਹੋਏ ਸਨ, ਜਿਨ੍ਹਾਂ ਨੂੰ ਭਾਰਤੀ ਸਮੱਗਲਰਾਂ ਨੇ ਚੁੱਕ ਕੇ ਕੰਡਿਆਲੀ ਤਾਰ ਦੇ ਇਸ ਪਾਸੇ ਲਿਆਂਦਾ ਸੀ। ਉਕਤ ਹੈਰੋਇਨ ਦਾ ਵਜ਼ਨ 3 ਕਿਲੋ 780 ਗ੍ਰਾਮ ਦੱਸਿਆ ਗਿਆ ਹੈ। ਬੀਐਸਐਫ ਅਧਿਕਾਰੀਆਂ ਨੇ ਉਸ ਕਿਸਾਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਜਿਸ ਦੇ ਖੇਤ ਵਿੱਚੋਂ ਹੈਰੋਇਨ ਬਰਾਮਦ ਹੋਈ। ਬੀਐਸਐਫ ਬਟਾਲੀਅਨ-66 ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰਾਂ ਨੇ ਭਾਰਤੀ ਖੇਤਾਂ ਵਿੱਚ ਹੈਰੋਇਨ ਦੀਆਂ ਖੇਪਾਂ ਛੁਪਾ ਕੇ ਰੱਖੀਆਂ ਹਨ, ਜਿਸ ਨੂੰ ਭਾਰਤੀ ਸਮੱਗਲਰਾਂ ਵੱਲੋਂ ਆਰਡਰ ਕੀਤਾ ਗਿਆ ਸੀ। ਬੀਐਸਐਫ ਨੇ ਸਰਹੱਦ ਨਾਲ ਲੱਗਦੇ ਝੰਗੜ ਭੈਣੀ ਅਤੇ ਰਾਮ ਸਿੰਘ ਵਾਲੀ ਪਿੰਡਾਂ ਦੇ ਵਿਚਕਾਰ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਜਵਾਨਾਂ ਨੂੰ ਕੰਡਿਆਲੀ ਤਾਰ ਦੇ ਪਾਰ ਤੋਂ ਇਕ ਪਲਾਸਟਿਕ ਦੇ ਲਿਫਾਫੇ ਵਿਚ ਹੈਰੋਇਨ ਦੇ ਚਾਰ ਪੈਕੇਟ, ਪੀਲੀ ਟੇਪ ਵਾਲੇ ਤਿੰਨ ਪੈਕੇਟ ਅਤੇ ਪਲਾਸਟਿਕ ਦੇ ਲਿਫਾਫੇ ਵਿਚ ਸੀਲਬੰਦ ਇਕ ਪੈਕਟ ਬਰਾਮਦ ਹੋਏ ਹਨ। ਜਿਸ ਕਿਸਾਨ ਦੇ ਖੇਤ ਵਿੱਚੋਂ ਹੈਰੋਇਨ ਦੇ ਪੈਕਟ ਬਰਾਮਦ ਹੋਏ ਹਨ, ਉਸ ਤੋਂ ਬੀਐਸਐਫ ਪੁੱਛਗਿੱਛ ਕਰਨ ਵਿੱਚ ਜੁਟੀ ਹੋਈ ਹੈ। -PTC News