ਭਾਰਤ-ਪਾਕਿਸਤਾਨ ਸਰਹੱਦ ਤੋਂ ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ
ਅੰਮ੍ਰਿਤਸਰ : ਥਾਣਾ ਲੋਪੋਕੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੀ ਬੀਓਪੀ ਗਰੋਵ ਤੋਂ ਬੀਐਸਐਫ ਦੇ ਜਵਾਨਾਂ ਵੱਲੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਗਿਆ ਹੈ, ਜਿਸ ਦੀ ਪਛਾਣ ਮੁਹੰਮਦ ਸ਼ੌਕਤ ਪੁੱਤਰ ਮੁਹੰਮਦ ਅਬਦੁਲ ਖਾਲਿਦ ਸ਼ਾਹਕੋਟ ਲਾਹੌਰ ਵਜੋਂ ਹੋਈ ਹੈ। ਕਾਬੂ ਕੀਤੇ ਗਏ ਪਾਕਿਸਤਾਨੀ ਘੁਸਪੈਠੀਏ ਕੋਲੋਂ ਬੀਐਸਐਫ ਦੇ ਉੱਚ ਅਧਿਕਾਰੀਆਂ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਹੁਣ ਬੀਐਸਐਫ ਦੇ ਜਵਾਨਾਂ ਵੱਲੋਂ ਕਾਬੂ ਕੀਤੇ ਇਸ ਪਾਕਿਸਤਾਨੀ ਘੁਸਪੈਠੀਏ ਨੂੰ ਲੋਪੋਕੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਉਤੇ ਬੀਓਪੀ ਗਰੋਵ ਤੋਂ ਬੀਐਸਐਫ ਦੇ ਜਵਾਨ ਚੌਕਸੀ ਵਜੋਂ ਤਾਇਨਾਤ ਸਨ। ਇਸ ਦੌਰਾਨ ਬੀਐਸਐਫ ਜਵਾਨਾਂ ਨੂੰ ਇਕ ਪਾਕਿਸਤਾਨੀ ਘੁਸਪੈਠੀਆ ਨਜ਼ਰ ਆਇਆ। ਬੀਐਸਐਫ ਜਵਾਨਾਂ ਨੇ ਤੁਰੰਤ ਹਰਕਤ ਵਿੱਚ ਆਉਂਦੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਉਚ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਬੀਐਸਐਫ ਦੇ ਆਲਾ ਅਧਿਕਾਰੀਆਂ ਨੇ ਘੁਸਪੈਠੀਏ ਤੋਂ ਸਖ਼ਤੀ ਨਾਲ ਪੁੱਛਗਿਛ ਕੀਤੀ। ਇਸ ਪਿੱਛੋਂ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਬੀਓਪੀ ਬਾਬਾ ਪੀਰ (ਭਿਖੀਵਿੰਡ) ਵਿੱਚ ਅੱਜ ਸਵੇਰੇ ਹੀ ਪਾਕਿਸਤਾਨੀ ਡਰੋਨ ਦੀ ਹਰਕਤ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਦੀ 71 ਬਟਾਲੀਅਨ ਵੱਲੋਂ ਚਾਰ ਰਾਊਂਡ ਫਾਇਰਿੰਗ ਕੀਤੀ ਗਈ। ਜਿਸ ਨਾਲ ਪਾਕਿਸਤਾਨ ਵੱਲੋਂ ਆਇਆ ਡਰੋਨ ਥੱਲੇ ਡਿੱਗ ਗਿਆ। ਇਸ ਤੋਂ ਬਾਅਦ ਬੀਐਸਐਫ ਤੇ ਪੁਲਿਸ ਨੇ ਡਰੋਨ ਆਪਣੇ ਕਬਜ਼ੇ ਵਿੱਚ ਲੈ ਲਿਆ। ਇਹ ਘਟਨਾ ਅੱਜ ਸਵੇਰੇ ਪੰਜ ਵਜੇ ਤੋਂ ਸਵੇਰੇ 9 ਵਜੇ ਦੀ ਦੱਸੀ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਸੀਮਾ ਸੁਰੱਖਿਆ ਬਲ ਦੇ ਬੁਲਾਰੇ ਨੇ ਕੀਤੀ ਹੈ। ਪਾਕਿਸਤਾਨ ਸਰਹੱਦ ਤੋਂ ਵੱਡੀ ਮਾਤਰਾ ਵਿੱਚ ਨਸ਼ੇ ਵੀ ਫੜੇ ਜਾ ਰਹੇ ਹਨ। ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਲਈ ਮੋਬਾਈਲ ਟਾਵਰ 'ਤੇ ਚੜ੍ਹਿਆ ਨੌਜਵਾਨ