ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦਾ 96 ਸਾਲ ਦੀ ਉਮਰ 'ਚ ਦੇਹਾਂਤ, ਪੀਐਮ ਮੋਦੀ ਵੱਲੋਂ ਦੁੱਖ ਜ਼ਾਹਿਰ
ਸਕਾਟਲੈਂਡ : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-II ਦਾ ਦੇਹਾਂਤ ਹੋ ਗਿਆ। ਉਹ 96 ਸਾਲਾਂ ਦੇ ਸਨ ਤੇ ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਕਾਫੀ ਖ਼ਰਾਬ ਸੀ । ਅੱਜਕਲ੍ਹ ਉਹ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਇਥੇ ਬਾਲਮੋਰਲ ਕੈਸਲ ਵਿਚ ਰਹਿ ਰਹੇ ਸਨ। ਸਿਹਤ ਖ਼ਰਾਬ ਹੋਣ ਕਾਰਨ ਉਹ ਡਾਕਟਰਾਂ ਦੀ ਨਿਗਰਾਨੀ ਵਿਚ ਸਨ। ਉਨ੍ਹਾਂ ਨੇ ਸਕਾਟਲੈਂਡ ਦੇ ਬਾਲਮੋਰਲ ਮਹਿਲ ਵਿਚ ਆਖਰੀ ਸਾਹ ਲਿਆ। ਐਲਿਜ਼ਾਬੈਥ ਦਾ ਜਨਮ ਮੇਫੇਅਰ, ਲੰਡਨ ਵਿਚ ਡਿਊਕ ਅਤੇ ਡਚੇਸ ਆਫ ਯਾਰਕ ਦੀ ਪਹਿਲੀ ਸੰਤਾਨ ਵਜੋਂ ਹੋਇਆ ਸੀ। ਬ੍ਰਿਟੇਨ ਤੋਂ ਸ਼ਾਹੀ ਪਰਿਵਾਰ ਵੱਲ਼ੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਮਹਾਰਾਣੀ ਦਾ ਬਾਲਮੋਰਲ ਵਿਚ ਦੇਹਾਂਤ ਹੋ ਗਿਆ। ਇਸ ਤੋਂ ਪਹਿਲਾਂ ਦਿਨ ਵਿੱਚ ਮਹਾਰਾਣੀ ਦੀ ਸਿਹਤ ਦੀ ਦੇਖਭਾਲ ਕਰ ਰਹੇ ਡਾਕਟਰਾਂ ਨੇ ਉਸਦੀ ਸਿਹਤ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਇਸ ਮਗਰੋਂ ਉਸ ਨੂੰ ਬਲਮੋਰਲ ਪੈਲੇਸ ਵਿਖੇ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ। ਮਹਾਰਾਣੀ ਦਾ ਜਨਮ 21 ਅਪ੍ਰੈਲ 1926 ਨੂੰ ਮੇਫੇਅਰ, ਲੰਡਨ 'ਚ 17 ਬਰੂਟਨ ਸਟ੍ਰੀਟ 'ਚ ਹੋਇਆ ਸੀ। ਉਹ ਯੌਰਕ ਦੇ ਡਿਊਕ ਤੇ ਡਚੇਸ ਦੀ ਪਹਿਲੀ ਸੰਤਾਨ ਸੀ, ਜੋ ਬਾਅਦ ਵਿੱਚ ਕਿੰਗ ਜਾਰਜ VI ਤੇ ਮਹਾਰਾਣੀ ਐਲਿਜ਼ਾਬੈਥ ਬਣ ਗਈ। ਮਹਾਰਾਣੀ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਪ੍ਰਿੰਸ ਚਾਰਲਸ ਬਰਤਾਨੀਆ ਦੀ ਗੱਦੀ ’ਤੇ ਬੈਠੇਗਾ। ਉਨ੍ਹਾਂ ਦੇ ਰਾਜ ਵਿੱਚ ਵਿੰਸਟਨ ਚਰਚਿਲ (1952) ਤੋਂ ਲੈ ਕੇ ਲਿਜ਼ ਟਰੱਸ (2022) ਤਕ 15 ਪ੍ਰਧਾਨ ਮੰਤਰੀ ਰਹੇ। ਮਹਾਰਾਣੀ ਨੇ 70 ਸਾਲ ਤੋਂ ਵਧ ਸਮਾਂ ਬਰਤਾਨੀਆ ’ਤੇ ਰਾਜ ਕੀਤਾ। ਉਹ ਸਭ ਤੋਂ ਵੱਡੀ ਉਮਰ ਤੇ ਸਭ ਤੋਂ ਲੰਮਾ ਸਮਾਂ ਰਾਜ ਕਰਨ ਵਾਲੀ ਮਹਾਰਾਣੀ ਸਨ। ਉਨ੍ਹਾਂ ਆਪਣੇ ਪਿਤਾ ਕਿੰਗ ਜਾਰਜ ਚੌਥੇ ਦੇ ਦੇਹਾਂਤ ਮਗਰੋਂ 5 ਫਰਵਰੀ 1952 ਨੂੰ ਬਰਤਾਨੀਆ ਦਾ ਤਖ਼ਤ ਸੰਭਾਲਿਆ ਸੀ। ਪਿਛਲੇ ਸਾਲ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਆਲਮੀ ਜਗਤ ਦੀਆਂ ਹੋਰਨਾਂ ਸਿਆਸੀ ਸ਼ਖ਼ਸੀਅਤਾਂ ਨੇ ਮਹਾਰਾਣੀ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। -PTC News ਇਹ ਵੀ ਪੜ੍ਹੋ : ਅਦਾਰਾ ਪੀਟੀਸੀ ਵੱਲੋਂ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਡਾਕਟਰਾਂ ਦਾ ਸਨਮਾਨ