ਵੰਡ ਸਮੇਂ ਮਾਰੇ ਗਏ ਲੋਕਾਂ ਲਈ ਭਾਰਤ ਤੇ ਪਾਕਿਸਤਾਨ ਪਾਰਲੀਮੈਂਟ 'ਚ ਲਿਆਉਣ ਸ਼ੋਕ ਮਤੇ : ਜਥੇਦਾਰ ਹਰਪ੍ਰੀਤ ਸਿੰਘ
ਅੰਮ੍ਰਿਤਸਰ/ਤਲਵੰਡੀ ਸਾਬੋ : ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1947 ਵਿੱਚ ਭਾਰਤ-ਪਾਕਿਸਤਾਨ ਵੰਡ ਦੌਰਾਨ ਮਾਰੇ ਗਏ 10 ਲੱਖ ਪੰਜਾਬੀਆਂ ਦੀ ਆਤਮਿਕ ਸ਼ਾਂਤੀ ਲਈ ਸਮੂਹਿਕ ਅਰਦਾਸ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ ਭਾਈਚਾਰੇ ਨਾਲ ਜੁੜੇ ਹੋਏ ਨੁਮਾਇੰਦੇ ਪੁੱਜੇ। 1947 ਦੀ ਭਾਰਤ -ਪਾਕਿ ਵੰਡ ਦੌਰਾਨ ਮਾਰੇ ਗਏ ਸਮੂਹ 10 ਲੱਖ ਪੰਜਾਬੀਆਂ ਦੀ ਯਾਦ 'ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਅਰਦਾਸ ਕੀਤੀ ਗਈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਅਸੀਂ ਉਨ੍ਹਾਂ ਲੱਖਾਂ ਪੰਜਾਬੀਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ 1947 ਦੀ ਵੰਡ ਦੌਰਾਨ ਜਾਨਾਂ ਗਵਾਈਆਂ। ਅੱਜ ਇਸ ਇਕੱਠ ਵਿੱਚ ਸਿੱਖਾਂ ਦੇ ਨਾਲ ਨਾਲ ਹਿੰਦੂ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਹੋਏ ਮੈਂ ਸਭ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਵੰਡ ਸਮੇਂ ਪੰਜਾਬ ਵੰਡਿਆ ਤੇ ਲੁੱਟਿਆ ਗਿਆ ਸੀ। ਬਹੁਤ ਭਿਆਨਕ ਵੰਡ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ-ਪਾਕਿ ਸਰਹੱਦ 10 ਲੱਖ ਤੋਂ ਵਧ ਲਾਸ਼ਾਂ ਦੀ ਹਿੱਕ ਉਤੇ ਖਿੱਚੀ ਗਈ ਸੀ। ਉਨ੍ਹਾਂ ਨੇ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕਿ ਆਪੋ-ਆਪਣੇ ਪਾਰਲੀਮੈਂਟ ਵਿੱਚ 1947 ਦੀ ਵੰਡ ਵਿੱਚ ਮਾਰੇ ਗਏ ਪੰਜਾਬੀਆਂ ਲਈ ਸ਼ੋਕ ਮਤੇ ਜ਼ਰੂਰ ਲਿਆਉਣ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜਨੀਤੀ ਦੇ ਅੰਦਰ ਧਰਮ ਹੋਣਾ ਚਾਹੀਦਾ ਹੈ ਪਰ ਜਦੋਂ ਰਾਜਨੀਤੀ ਸਿਰਫ਼ ਧਰਮ ਦਾ ਸਹਾਰਾ ਲੈ ਕੇ ਚੱਲਦੀ ਹੈ ਤਾਂ ਮਨੁੱਖਤਾ ਦਾ ਨੁਕਸਾਨ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਸਮੇਤ ਸਮੂਹ ਗੁਰੂਦੁਆਰਾ ਸਾਹਿਬਾਨ ਵਿੱਚ ਅੱਜ 1947 ਦੇ ਵੰਡ ਵਿੱਚ ਮਾਰੇ ਗਏ ਪੰਜਾਬੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ। ਅਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਗਏ ਪਰ ਉਨ੍ਹਾਂ ਪੰਜਾਬੀਆਂ ਨੂੰ ਯਾਦ ਨਹੀਂ ਕੀਤਾ ਗਿਆ। ਅੱਜ ਵੀ ਅਨੇਕਾਂ ਬਜ਼ੁਰਗ ਦੋਵੇਂ ਮੁਲਕਾਂ ਵਿੱਚ ਵਿਛੜੇ ਆਪਣਿਆਂ ਦੇ ਦੀਦਾਰ ਨੂੰ ਤਰਸਦੇ ਹਨ। ਸਰਕਾਰਾਂ ਖੁੱਲ੍ਹਦਿਲੀ ਨਾਲ ਧਾਰਮਿਕ ਵੀਜ਼ੇ ਦੇਣ ਤਾਂ ਕਿ ਸ਼ਰਧਾਲੂ ਦਰਸ਼ਨ ਕਰ ਸਕਣ। ਜਦੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤ ਪਾਕਿਸਤਾਨ ਜਾਂਦੀ ਹੈ ਤਾਂ ਤਾਂਘ ਹੁੰਦੀ ਹੈ ਆਪਣੇ ਪੁਰਖਿਆਂ ਦੇ ਪਿੰਡ ਜਾਣ ਦੀ , ਵਿਛੜਿਆਂ ਨੂੰ ਮਿਲਣ ਦੀ ਪਰ ਇਜਾਜ਼ਤ ਨਹੀਂ ਮਿਲਦੀ। ਤਲਵੰਡੀ ਸਾਬੋ : ਦੇਸ਼ ਦੀ ਆਜ਼ਾਦੀ ਮੌਕੇ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਬਟਵਾਰੇ ਦੌਰਾਨ ਮਾਰੇ ਗਏ ਕਰੀਬ 10 ਲੱਖ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਪੀਲ ਕੀਤੀ ਗਈ ਸੀ ਜਿਸ ਤਹਿਤ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਦਮਦਮਾ ਸਾਹਿਬ ਦੇ ਗੁਰਦੁਆਰਾ ਭਾਈ ਬੀਰ ਸਿੰਘ ਭਾਈ ਧੀਰ ਸਿੰਘ ਵਿਖੇ ਸਮਾਗਮ ਦੌਰਾਨ ਜਪੁਜੀ ਸਾਹਿਬ ਦੇ ਪਾਠ, ਮੂਲ ਮੰਤਰ ਦੇ ਜਾਪ ਉਪਰੰਤ ਮਾਰੇ ਗਏ ਲੋਕਾਂ ਨਮਿੱਤ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਸਮਾਗਮ ਵਿੱਚ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਤੋਂ ਇਲਾਵਾ ਸੰਗਤ ਵੀ ਹਾਜ਼ਰ ਸਨ। -PTC News ਇਹ ਵੀ ਪੜ੍ਹੋ : ਪੰਜਾਬ ਦੇ ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲਿਆਂ ਲਈ ਭਾਰੀ ਉਤਸ਼ਾਹ, 99 ਫ਼ੀਸਦੀ ਸੀਟਾਂ ਭਰ ਚੁੱਕੀਆਂ