ਰੌਸ਼ਨ ਹੋਇਆ ਕੁੰਡਲੀ-ਸਿੰਘੂ ਬਾਰਡਰ, ਘਰ ਪਰਤਣ ਤੋਂ ਪਹਿਲਾਂ ਕਿਸਾਨਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਸੋਨੀਪਤ: ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਤੇ ਹੋਰ ਕਿਸਾਨ ਮੰਗਾਂ 'ਤੇ ਸਹਿਮਤੀ ਬਣਨ ਮਗਰੋਂ ਸੰਯੁਕਤ ਕਿਸਾਨ ਮੋਰਚਾ ਨੇ ਅੰਦੋਲਨ ਸਸਪੈਂਡ ਕਰ ਦਿੱਤਾ। ਇਸ ਦੌਰਾਨ ਹੁਣ ਕਿਸਾਨ ਘਰ ਵਾਪਸੀ ਕਰ ਰਹੇ ਹਨ। ਬੀਤੇ ਦਿਨੀ ਕਿਸਾਨਾਂ ਨੇ ਸੋਨੀਪਤ ਦੇ ਕੁੰਡਲੀ-ਸਿੰਘੂ ਬਾਰਡਰ ਨੂੰ ਮੋਮਬੱਤੀਆਂ ਦੀ ਰੌਸ਼ਨੀ ਨਾਲ ਰੌਸ਼ਨ ਕੀਤਾ। ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਰਹੱਦ 'ਤੇ 734 ਮੋਮਬੱਤੀਆਂ ਜਗਾਈਆਂ ਗਈਆਂ। ਇਸ ਦੌਰਾਨ ਕਿਸਾਨਾਂ ਦੀਆਂ ਅੱਖਾਂ ਵੀ ਨਮ ਰਹੀਆਂ। ਸਿੰਘੂ ਬਾਰਡਰ ਤੋਂ ਕਿਸਾਨ ਫਤਿਹ ਯਾਤਰਾ ਦੇ ਨਾਲ ਆਪਣੇ ਘਰਾਂ ਨੂੰ ਪਰਤ ਰਹੇ ਹਨ ਪਰ ਅੰਦੋਲਨ ਦੌਰਾਨ ਸ਼ਹੀਦ ਹੋਏ ਲੋਕਾਂ ਨੂੰ ਉਹ ਭੁੱਲ ਨਹੀਂ ਸਕੇ। ਐਤਵਾਰ ਨੂੰ ਸਰਹੱਦ 'ਤੇ ਰਵਾਨਾ ਹੋਣ ਤੋਂ ਪਹਿਲਾਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਰਹੱਦ 'ਤੇ ਮੋਮਬੱਤੀਆਂ ਦੀ ਰੋਸ਼ਨੀ ਕੀਤੀ ਗਈ। ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ। ਸਰਹੱਦ ਤੋਂ ਬਹੁਤੇ ਕਿਸਾਨਾਂ ਦੇ ਘਰਾਂ ਨੂੰ ਪਰਤਣ ਨਾਲ ਅੰਦੋਲਨ ਖਤਮ ਹੋ ਗਿਆ। ਹੁਣ ਕੁਝ ਟੁੱਟੀਆਂ ਝੌਂਪੜੀਆਂ ਅਤੇ ਢਾਂਚੇ ਨਾਲ ਸਾਮਾਨ ਖਿੱਲਰਿਆ ਪਿਆ ਹੈ। ਕਿਸਾਨ ਇਸ ਦੀ ਸਫ਼ਾਈ ਵਿੱਚ ਲੱਗੇ ਹੋਏ ਹਨ। ਪੂਰੀ ਸਰਹੱਦ 'ਤੇ ਸਫ਼ਾਈ ਲਈ ਮੁਹਿੰਮ ਚਲਾਈ ਜਾ ਰਹੀ ਹੈ। ਜਿਹੜੇ ਕਿਸਾਨ ਅਜੇ ਵੀ ਸਰਹੱਦ 'ਤੇ ਕੰਮ 'ਤੇ ਲੱਗੇ ਹੋਏ ਹਨ, ਉਨ੍ਹਾਂ ਨੇ ਜਾਣ ਤੋਂ ਪਹਿਲਾਂ ਸ਼ਹੀਦ ਕਿਸਾਨਾਂ ਨੂੰ ਯਾਦ ਕੀਤਾ ਹੈ। ਦੂਜੇ ਪਾਸੇ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਰਬਾਰ ਸਾਹਿਬ, ਸ੍ਰੀ ਅੰਮਿਤਸਰ ਵਿਖੇ ਨਤਮਸਤਕ ਹੋਣਗੀਆਂ। ਕਿਸਾਨਾਂ ਨੇ ਇਸ ਦਾ ਕਿਸਾਨ ਮੋਰਚੇ ਦੀ ਮੀਟਿੰਗ ਸਮੇਂ ਪਹਿਲਾਂ ਹੀ ਐਲਾਨ ਕੀਤਾ ਸੀ। ਕਿਸਾਨ ਆਪਣੀ ਜਿੱਤ ਦੀ ਖੁਸ਼ੀ ਵਜੋਂ ਦਰਬਾਰ ਸਾਹਿਬ ਮੱਥਾ ਟੇਕਣਗੇ। ਇਸ ਮੌਕੇ ਕਿਸਾਨ ਲੀਡਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਜਾਏਗਾ। -PTC News